ਪੰਜਾਬ : ਟਰੈਵਲ ਏਜੰਟ ਨੇ ਕੀਤੀ ਲੱਖਾਂ ਰੁਪਏ ਦੀ ਠੱਗੀ, ਦੇਖੋ ਵੀਡਿਓ

ਰਾਏਕੋਟ :  ਪੰਜਾਬ ਵਿੱਚ ਵਿਦੇਸ਼ਾਂ ਨੂੰ ਜਾਣ ਦੀ ਦੌੜ ਲੱਗੀ ਹੋਈ ਹੈ। ਜਿਸਦੇ ਚਲਦੇ ਕੁਝ ਫਰਜੀ ਟਰੈਵਲ ਏਜੰਟਾ ਵੱਲੋਂ ਪੰਜਾਬ ਦੇ ਭੋਲੇਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਵੇਖਣ ਨੂੰ ਮਿਲਿਆ ਰਾਏਕੋਟ ਦੇ ਕਸਬਾ ਗੁਰੂਸਰ ਸੁਧਾਰ ਵਿਖੇ ਕਿੱਥੋਂ ਦੇ ਕੁਝ ਵਿਅਕਤਿਆਂ ਨੂੰ ਇਟਲੀ ਭੇਜਣ ਦਾ ਸਬਜ਼ਬਾਗ ਦਿਖਾ ਕੇ ਕਈ ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਫ਼ਰਜ਼ੀ ਏਜੰਟ ਜਸਦੇਵ ਸਿੰਘ ਢੀਂਡਸਾ ਖ਼ਿਲਾਫ਼ ਲੁਧਿਆਣਾ (ਦਿਹਾਤੀ) ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਪ੍ਰਕਾਸ਼ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਸੁਧਾਰ ਸਮੇਤ ਸੁਖਮਿੰਦਰ ਸਿੰਘ, ਗੁਰਮੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਲਿਖਤੀ ਸ਼ਿਕਾਇਤ ਰਾਹੀਂ ਦੋਸ਼ ਲਾਇਆ ਹੈ ਕਿ ਉਕਤ ਜਸਦੇਵ ਸਿੰਘ ਢੀਂਡਸਾ ਨੇ ਉਨ੍ਹਾਂ ਨੂੰ ਇਟਲੀ ਭੇਜਣ ਦੇ ਨਾਮ ਹੇਠ ਲਗਪਗ 45ਤੋਂ 50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨਵਨੀਤ ਸਿੰਘ ਬੈਂਸ ਨੇ ਇਸ ਮਾਮਲੇ ਦੀ ਜਾਂਚ ਅਮਨਦੀਪ ਸਿੰਘ ਉਪ ਪੁਲੀਸ ਕਪਤਾਨ ਦਾਖਾ ਨੂੰ ਸੌਂਪੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਜਸਦੇਵ ਸਿੰਘ ਢੀਂਡਸਾ ਨੇ ਰਕਮ ਹਾਸਲ ਕਰਨ ਵੇਲੇ ਉਨ੍ਹਾਂ ਨੂੰ ਜਿਹੜਾ ਅਧਾਰ ਕਾਰਡ ਸਬੂਤ ਵਜੋਂ ਦਿਖਾਇਆ ਸੀ, ਉਹ ਵੀ ਫ਼ਰਜ਼ੀ ਨਿਕਲਿਆ ਹੈ। ਪੀੜਤ ਵਿਅਕਤਿਆਂ ਨੇ ਕੁਝ ਤਸਵੀਰਾਂ ਅਤੇ ਰਿਕਾਰਡਿੰਗ ਵੀ ਜਾਂਚ ਅਧਿਕਾਰੀਆਂ ਨੂੰ ਸੌਂਪੀਆਂ ਹਨ।

ਪੀੜਤ ਵਿਅਕਤਿਆਂ ਤੋਂ ਉਕਤ ਵਿਅਕਤੀ ਨੇ ਪਿਛਲੇ ਸਾਲ ਫਰਵਰੀ ਤੋਂ ਮਈ ਤੱਕ ਕਰੀਬ ਅੱਠ- ਅੱਠ ਲੱਖ ਰੁਪਏ ਪ੍ਰਤੀ ਵਿਅਕਤੀ ਵਸੂਲ ਕਰ ਲਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਨੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਅਤੇ ਮੁਹਾਲੀ ਵਿੱਚ ਕਈ ਟਿਕਾਣੇ ਬਣਾਏ ਹੋਏ ਹਨ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਵੱਲੋਂ ਆਪਣੇ ਮਾਮਲੇ ਦੀ ਪੈਰਵਾਈ ਕੀਤੀ ਗਈ ਤਾਂ ਉਨਾਂ ਨੂੰ ਇਸ ਫਰਜੀ ਟਰੈਵਲ ਏਜੰਟ ਤੋਂ ਠਗੇ ਗਏ ਕਈ ਲੋਕ ਸਾਹਮਣੇ ਆਏ ਅਤੇ ਉਹ ਜਲਦ ਹੀ ਇਸ ਮਾਮਲੇ ਵਿੱਚ ਵੱਡਾ ਐਕਸ਼ਨ ਲੈਣਗੇ। ਗੌਰਤਲਬ ਹੈ ਕੀ ਇਸ ਫਰਜੀ ਟਰੈਵਲ ਏਜੰਟ ਦੇ ਖਿਲਾਫ ਜ਼ਿਲਾ ਫਤਿਹਗੜ੍ਹ ਸਾਹਿਬ ਵਿਖੇ ਵੀ ਚੜਦੇ ਸਾਲ ਹੀ ਠੱਗੀ ਮਾਰਨ ਦਾ ਮੁਕਦਮਾ ਦਰਜ ਕੀਤਾ ਗਿਆ ਹੈ। ਉਧਰ ਜਦੋਂ ਇਸ ਪੂਰੇ ਮਾਮਲੇ ਬਾਰੇ ਥਾਣਾ ਗੁਰੂਸਰ ਸੁਧਾਰ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਉਚ ਅਧਿਕਾਰੀਆਂ ਪਾਸੋਂ ਸ਼ਿਕਾਇਤ ਦੀ ਕਾਪੀ ਪ੍ਰਾਪਤ ਹੋਈ ਹੈ। ਜਿਸ ਤੇ ਜਲਦ ਜਾਂਚ ਮੁਕੰਮਲ ਕਰਦੇ ਹੋਏ ਦੋਸ਼ੀਆਂ ਖਿਲਾਫ ਮੁਕਦਮਾ ਦਰਜ ਕੀਤਾ ਜਾ ਰਿਹਾ ਹੈ।