ਪੰਜਾਬ : ਟੋਲ ਪਲਾਜ਼ੇ ਵਾਲਿਆਂ ਤੇ ਗੁੰਡਾਗਰਦੀ ਕਰਨ ਦੇ ਲਗਾਏ ਆਰੋਪ, ਦੇਖੋ ਵੀਡਿਓ 

ਪੰਜਾਬ : ਟੋਲ ਪਲਾਜ਼ੇ ਵਾਲਿਆਂ ਤੇ ਗੁੰਡਾਗਰਦੀ ਕਰਨ ਦੇ ਲਗਾਏ ਆਰੋਪ, ਦੇਖੋ ਵੀਡਿਓ 

ਟੋਲ ਪਲਾਜਾ ਮੈਨੇਜਰ ਨੇ ਦੋਸ਼ਾਂ ਨੂੰ ਨਕਾਰਿਆ

ਅਨੰਦਪੁਰ ਸਾਹਿਬ: ਕੁੱਲੂ ਮਨਾਲੀ ਕੌਮੀ ਮਾਰਗ ਤੇ ਪਿੰਡ ਮੋੜਾ ਵਿਖੇ ਲੱਗੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਨੂੰ ਠੇਕੇ ਉੱਪਰ ਲੈਣ ਵਾਲੀ ਕੰਪਨੀ ਦੇ ਕਰਿੰਦਿਆਂ ਉੱਪਰ ਕੁਝ ਲੋਕਾਂ ਨੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ ਹਨ ਜਦ ਕਿ ਟੋਲ ਪਲਾਜਾ ਦੇ ਮੈਨੇਜਰ ਵੱਲੋਂ ਇਹਨਾਂ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪਿੰਡ ਮੋੜਾ ਦੇ ਵਸਨੀਕ  ਦੇਸ ਰਾਜ ਨੇ ਦੱਸਿਆ ਕਿ ਉਸ ਦਾ ਘਰ ਬਿਲਕੁਲ ਟੋਲ ਪਲਾਜੇ ਦੇ ਨਜ਼ਦੀਕ ਹੈ। ਟੋਲ ਪਲਾਜਾ ਉੱਪਰ ਅਕਸਰ ਰਾਤ ਨੂੰ ਗਾਲੀ ਗਲੋਚ ਲੜਾਈ ਝਗੜੇ ਦੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਆਉਂਦੀਆਂ ਰਹਿੰਦੀਆਂ ਹਨ। ਟੋਲ ਪਲਾਜਾ ਵਲੋਂ ਰੱਖੇ ਹੋਏ ਕੁਝ ਨੌਜਵਾਨਾਂ ਵੱਲੋਂ ਟੋਲ ਪਲਾਜ਼ੇ ਤੇ ਅਕਸਰ ਵਾਹਨ ਚਾਲਕਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ। ਉਹਨਾਂ ਦੇ ਵਾਹਨਾਂ ਦੇ ਸ਼ੀਸ਼ੇ ਤੋੜੇ ਜਾਂਦੇ ਹਨ, ਟੋਲ ਪਲਾਜਾ ਤੇ ਵਾਪਰਦੀਆਂ ਲੜਾਈ ਝਗੜੇ ਦੀਆਂ ਵਾਰਦਾਤਾਂ ਕਾਰਨ ਉਹਨਾਂ ਦਾ ਪਰਿਵਾਰ ਕਾਫੀ ਪਰੇਸ਼ਾਨ ਹੈ, ਜੋ ਵੀ ਲੜਾਈ ਝਗੜਾ ਹੁੰਦਾ ਹੈ ਉਸ ਦੀ ਸਾਰੀ ਆਵਾਜ਼ ਉਹਨਾਂ ਦੇ ਘਰ ਤੱਕ ਪਹੁੰਚਦੀ ਹੈ। ਇਸ ਤੋਂ ਇਲਾਵਾ ਇਹਨਾਂ ਵੱਲੋਂ ਓਵਰਲੋਡ ਦੇ ਨਾਂ ਉੱਪਰ ਵਾਹਨ ਚਾਲਕਾਂ ਦੀ ਅੰਨੀ ਲੁੱਟ ਕੀਤੀ ਜਾ ਰਹੀ। ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਟੋਲ ਪਲਾਜੇ ਤੇ ਹੁੰਦੇ ਲੜਾਈ ਝਗੜੇ ਅਤੇ ਵਾਹਨ ਚਾਲਕਾਂ ਦੀ  ਓਵਰਲੋਡ ਦੇ ਨਾਂ ਉੱਪਰ ਅੰਨੀ ਲੁੱਟ ਨੂੰ ਰੋਕਣ ਲਈ ਯੋਗ ਕਾਰਵਾਈ ਕੀਤੀ ਜਾਵੇ।

ਇਸ ਤੋਂ ਇਲਾਵਾ ਟੋਲ ਪਲਾਜਾ ਨਜ਼ਦੀਕ ਦੁਕਾਨ ਕਰਦੇ ਚੰਨਣ ਰਾਮ ਨੇ ਦੱਸਿਆ ਕਿ ਉਹ ਟੋਲ ਪਲਾਜਾ ਦੇ ਨਜ਼ਦੀਕ ਫਾਸਟ ਟੈਗ ਦਾ ਕੰਮ ਕਰਦਾ ਹੈ ਜਦੋਂ ਉਸ ਨੇ ਲੜਾਈ ਦੀਆਂ ਆਵਾਜ਼ਾਂ ਸੁਣੀਆਂ ਤਾਂ ਉਹ ਆਪਣੀ ਦੁਕਾਨ ਤੋਂ ਬਾਹਰ ਆ ਗਿਆ ਅਤੇ ਟੋਲ ਪਲਾਜ਼ਾ ਤੇ ਪਹੁੰਚ ਗਿਆ। ਜਿੱਥੇ ਉਕਤ ਟੋਲ ਪਲਾਜ਼ਾ ਵਾਲੇ ਅਤੇ  ਕੁਝ ਹੋਰ ਵਿਅਕਤੀ ਕੁਝ ਗੱਡੀਆਂ ਵਾਲਿਆਂ ਨਾਲ ਕੁੱਟਮਾਰ ਕਰ ਰਹੇ ਸਨ ਅਤੇ ਉਹਨਾਂ ਵੱਲੋਂ ਬੱਸ ਦੇ ਸ਼ੀਸ਼ੇ ਵੀ ਭੰਨੇ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਅਤੇ ਪਿੰਡ ਦੇ ਕੁਝ ਹੋਰ ਵਿਅਕਤੀ ਲੜਾਈ ਛਡਵਾਉਣ ਲਈ ਵਿੱਚ ਵਿਚਾਲੇ ਹੋਏ ਤਾਂ ਟੋਲ ਤੇ ਰੱਖੇ ਹੋਏ ਕੁਝ ਨੌਜਵਾਨਾਂ ਨੇ ਉਹਨਾਂ ਨਾਲ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਚੰਨਣ ਰਾਮ ਨੇ ਦੱਸਿਆ ਕਿ ਉਸਦੇ ਹੱਥ ਦੀਆਂ ਉਂਗਲਾਂ ਵੀ ਫੈਕਚਰ ਹੋ ਗਈਆਂ ।ਚੰਨਣ ਰਾਮ ਨੇ ਦੱਸਿਆ ਕਿ ਉਸ ਵੱਲੋਂ ਥਾਣਾ ਕੀਰਤਪੁਰ ਸਾਹਿਬ  ਵਿਖੇ  ਇਸ ਬਾਰੇ ਦਰਖਾਸਤ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਵਾਪਰੀ ਇੱਕ ਹੋਰ ਘਟਨਾ ਜਿਸ ਵਿਚ ਟਰੱਕ ਨੰਬਰ ਐਚ.ਪੀ 24 ਈ 9787 ਦੇ ਮਾਲਕ ਹੇਮਰਾਜ ਵਾਸੀ ਬਿਲਾਸਪੁਰ ਨੇ ਦੱਸਿਆ ਕਿ ਉਹ ਆਪਣਾ ਟਰੱਕ ਖੁਦ ਚਲਾਉਂਦਾ ਹੈ ਅਤੇ 15 ਅਪ੍ਰੈਲ  ਨੂੰ ਉਹ ਆਪਣੇ ਟਰੱਕ ਵਿੱਚ ਇੱਟਾਂ ਭਰ ਕੇ ਹਿਮਾਚਲ ਪ੍ਰਦੇਸ਼ ਨੂੰ ਜਾ ਰਿਹਾ ਸੀ ਜਦੋਂ ਉਹ ਟੋਲ ਪਲਾਜਾ ਤੇ ਪਹੁੰਚਿਆ ਤਾਂ ਉਸ ਨੇ ਟੋਲ ਪਲਾਜਾ ਤੇ ਆਪਣੀ ਗੱਡੀ ਦੀ ਫਾਸਟ ਟੈਗ ਰਾਹੀਂ ਪਰਚੀ ਕਟਵਾ ਲਈ ਪਰ ਟੋਲ ਪਲਾਜਾ ਤੇ ਤਾਇਨਾਤ ਕਰਮਚਾਰੀਆਂ ਵੱਲੋਂ ਉਸ ਤੋਂ ਓਵਰਲੋਡ ਦੇ ਨਾਮ ਉੱਪਰ ਹੋਰ ਪੈਸੇ ਦੀ ਮੰਗ ਕੀਤੀ ਗਈ, ਜਿਸ ਤੋਂ ਬਾਅਦ ਉਸ ਨੇ ਇਨਕਾਰ ਕਰ ਦਿੱਤਾ ਅਤੇ ਬਾਅਦ ਦੇ ਵਿੱਚ ਟੋਲ ਪਲਾਜਾ ਦੇ ਉਕਤ ਕਰਮਚਾਰੀਆਂ ਵੱਲੋਂ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਉਸ ਦਾ ਪਿੱਛਾ ਕੀਤਾ ਗਿਆ ਅਤੇ ਟੋਲ ਪਲਾਜਾ ਤੋਂ ਕਰੀਬ 500 ਮੀਟਰ ਅੱਗੇ ਜਾ ਕੇ ਉਸ ਦੇ ਟਰੱਕ  ਨੂੰ ਘੇਰ ਕੇ ਟਰੱਕ ਦੇ ਸ਼ੀਸ਼ੇ ਪੱਥਰਾਂ ਨਾਲ ਭੰਨ ਦਿੱਤੇ ਗਏ ਅਤੇ ਉਸਦੀ ਵੀ ਕੁੱਟਮਾਰ ਕੀਤੀ ਗਈ ।ਉਸ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਉਸ ਵੱਲੋਂ ਸਵਾਰਘਾਟ ਦੇ ਪੁਲਿਸ ਥਾਣਾ ਵਿਖੇ ਦਰਖਾਸਤ ਵੀ ਦਿੱਤੀ ਗਈ ਹੈ।

ਕੀ ਕਹਿਣਾ ਹੈ ਟੋਲ ਪਲਾਜਾ ਮੈਨੇਜਰ ਦਾ

ਇਸ ਸੰਬੰਧੀ ਜਦੋਂ ਟੋਲ ਪਲਾਜ਼ਾ ਦੇ ਮੈਨੇਜਰ ਪਵਨ ਕੁਮਾਰ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੋ ਦੋਸ਼ ਦੇਸ਼ ਰਾਜ ਅਤੇ ਚੰਨਣ ਰਾਮ ਵਾਸੀ  ਪਿੰਡ ਮੋੜਾ ਵਲੋਂ ਉਹਨਾਂ ਉੱਪਰ ਲਗਾਏ ਗਏ ਹਨ, ਉਹ ਬਿਲਕੁਲ ਗਲਤ ਹਨ। ਉਹਨਾਂ ਕਿਹਾ ਕਿ ਉਕਤ ਵਿਅਕਤੀ ਆਪਣੇ ਕੁਝ ਸਾਥੀਆਂ ਸਮੇਤ  ਰਾਤ ਸਮੇਂ ਸ਼ਰਾਬ ਪੀ ਕੇ ਟੋਲ ਪਲਾਜੇ ਤੇ ਆ ਜਾਂਦੇ ਹਨ ਅਤੇ ਟੌਲ ਤੋਂ ਲੰਘਣ ਵਾਲੇ ਟਰੱਕਾਂ ਵਾਲਿਆਂ ਅਤੇ ਹੋਰ ਵਹੀਕਲਾਂ ਵਾਲਿਆਂ ਨੂੰ ਟੋਲ ਪਲਾਜਾ ਵਾਲਿਆਂ ਦੇ ਖਿਲਾਫ ਭੜਕਾਉਂਦੇ ਹਨ ਅਤੇ ਟੋਲ ਨਾ ਦੇਣ ਬਾਰੇ ਉਹਨਾਂ ਨੂੰ ਕਹਿੰਦੇ ਹਨ, ਅਜਿਹਾ ਕਰਕੇ ਉਹ ਟੋਲ ਪਲਾਜੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜਿਸ ਟਰੱਕ ਦੇ ਸ਼ੀਸ਼ੇ ਭੰਨੇ ਗਏ ਸਨ ,ਉਸ ਟਰੱਕ ਵਾਲੇ ਵੱਲੋਂ ਉਹਨਾਂ ਦੇ ਟੋਲ ਪਲਾਜਾ ਤੇ ਉਹਨਾਂ ਦਾ ਲੱਗਿਆ ਬੂਮ ਤੋੜ ਦਿੱਤਾ ਗਿਆ ਸੀ, ਜਿਸ ਕਾਰਨ ਉਹਨਾਂ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ ਹੈ। ਉਹਨਾਂ ਕਿਹਾ ਕਿ ਸਾਡੇ ਟੋਲ ਪਲਾਜੇ ਤੇ ਸੀਸੀਟੀਵੀ ਕੈਮਰਿਆਂ ਵਿੱਚ ਹਰ ਇੱਕ ਘਟਨਾ ਕੈਦ ਹੋਈ ਪਈ ਹੈ। ਉਹਨਾਂ ਕਿਹਾ ਕਿ ਸਾਡਾ ਕੋਈ ਵੀ ਕਰਮਚਾਰੀ ਗੁੰਡਾਗਰਦੀ ਨਹੀਂ ਕਰਦਾ ਅਤੇ ਨਾ ਹੀ ਉਹਨਾਂ ਵੱਲੋਂ ਕਿਸੇ ਦੀ ਕੁੱਟਮਾਰ ਕੀਤੀ ਗਈ।

ਚੰਨਣ ਰਾਮ ਦੇ ਬਿਆਨਾਂ ਦੇ ਆਧਾਰ ਉੱਪਰ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ: ਜਤਿਨ ਕਪੂਰ।

ਇਸ ਸੰਬੰਧ ਵਿੱਚ ਜਦੋਂ ਪੁਲਿਸ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਜਤਿਨ ਕਪੂਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿੰਡ ਮੋੜਾ ਵਿਖੇ ਕੁਝ ਦਿਨ ਪਹਿਲਾਂ  ਦੋ ਧਿਰਾਂ ਦੇ ਵਿਚਕਾਰ ਬਹਿਸਬਾਜੀ  ਤੋਂ ਬਾਅਦ ਲੜਾਈ ਝਗੜਾ ਹੋਇਆ ਸੀ। ਜਿਸ ਤੋਂ ਬਾਅਦ ਦੋਵੇਂ ਧਿਰਾਂ ਚੰਨਣ ਰਾਮ ਅਤੇ ਦੂਸਰੀ ਧਿਰ  ਕੁਲਬੀਰ ਸਿੰਘ ਅਤੇ ਲਖਵਿੰਦਰ ਸਿੰਘ ਵੱਲੋਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਦੂਸਰੇ ਦੇ ਖਿਲਾਫ  ਦਰਖਾਸਤਾਂ ਦਿੱਤੀਆਂ ਗਈਆਂ ਸਨ । ਚੰਨਣ ਰਾਮ ਦੀ ਐਮ.ਐਲ.ਆਰ ਰਿਪੋਰਟ ਵਿੱਚ ਉਸਦੇ ਸੱਟਾਂ ਲੱਗੀਆਂ ਪਾਈਆਂ ਗਈਆਂ । ਜਿਸ ਆਧਾਰ ਤੇ ਪੁਲਿਸ ਵੱਲੋਂ ਉਸ ਦੇ ਬਿਆਨਾਂ ਦੇ ਆਧਾਰ ਉੱਪਰ ਲਖਵਿੰਦਰ ਸਿੰਘ ਅਤੇ ਕੁਲਵੀਰ ਸਿੰਘ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਉਨਾਂ ਨੂੰ ਟੋਲ ਪਲਾਜਾ ਦੇ ਕਰਿੰਦਿਆਂ ਵੱਲੋ ਟਰੱਕ ਚਾਲਕ ਦੀ ਕੁੱਟਮਾਰ ਕਰਨ, ਉਸ ਦੇ ਵਾਹਨ ਦੇ ਸ਼ੀਸ਼ੇ ਭੰਨਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਨੂੰ ਕਿਸੇ ਦੀ ਵੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।