ਤਲਵਾਡ਼ਾ: ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਵੱਲੋਂ ਜ਼ਮੀਨ ਦੇ ਨਿਗੁਣੇ ਭਾਅ ਦੇਣ ਖ਼ਿਲਾਫ਼ ਰੋਸ ਪ੍ਰਦਰਸ਼ਨ

ਤਲਵਾਡ਼ਾ: ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਵੱਲੋਂ ਜ਼ਮੀਨ ਦੇ ਨਿਗੁਣੇ ਭਾਅ ਦੇਣ ਖ਼ਿਲਾਫ਼ ਰੋਸ ਪ੍ਰਦਰਸ਼ਨ

ਮਰਲੇ ਦੀ ਕੀਮਤ 1250 ਤੋਂ 2600 ਰੁਪਏ ਦੇਣ ਖ਼ਿਲਾਫ਼ ਲਗਾਇਆ ਜਾਮ

30 ਤਾਰੀਕ ਪਰਿਵਾਰਾਂ ਸਮੇਤ ਚੱਕਾ ਜਾਮ ਕਰਨ ਦਾ ਐਲਾਨ ਕੀਤਾ

ਤਲਵਾਡ਼ਾ/ ਜੌਤੀ ਗੋਤਮ: ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਨੇ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੀਆਂ ਨਿਗੁਣੀਆਂ ਕੀਮਤਾਂ ਦੇਣ ਖ਼ਿਲਾਫ਼ ਤਲਵਾਡ਼ਾ ‘ਚ ਰੋਸ ਪ੍ਰਦਰਸ਼ਨ ਕੀਤਾ। ਰਾਏ ਸਾਹਿਬ ਚੌਧਰੀ ਗਿਆਨ ਚੌਂਕ ’ਤੇ ਸੰਕੇਤਕ ਜਾਮ ਲਗਾ ਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸੰਘਰਸ਼ ਕਮੇਟੀ ਦੇ ਰੋਸ ਪ੍ਰਦਰਸ਼ਨ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ, ਜ਼ਮਹੂਰੀ ਕਿਸਾਨ ਸਭਾ ਪੰਜਾਬ ਤੇ ਜ਼ਮਹੂਰੀ ਕੰਢੀ ਸੰਘਰਸ਼ ਕਮੇਟੀ ਨੇ ਸਮਰਥਨ ਦਿੱਤਾ। ਸਥਾਨਕ ਚੌਧਰੀ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ’ਤੇ ਵਰ੍ਹਦੇ ਮੀਂਹ ‘ਚ ਕੀਤੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਨੌਜਵਾਨ ਸਭਾ ਦੇ ਸੂਬਾ ਜਨ ਸਕੱਤਰ ਧਰਮਿੰਦਰ ਸਿੰਘ ‘ਸਿੰਬਲੀ’, ਜ਼ਮਹੂਰੀ ਕਿਸਾਨ ਸਭਾ ਤੋਂ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਮੁਕੇਰੀਆਂ, ਜ਼ਮਹੂਰੀ ਕੰਢੀ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਮੋਹਣ ਸਿੰਘ ਧਿਮਾਣਾ, ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਨੀਲ ਪਰਮਾਰ, ਸੰਜੀਵ ਬੱਲੂ, ਪੰਚਾਇਤ ਯੂਨੀਅਨ ਤਲਵਾਡ਼ਾ ਦੇ ਪ੍ਰਧਾਨ ਨਵਲ ਕਿਸ਼ੋਰ ਮਹਿਤਾ, ਪੈਨਸ਼ਨਰਜ਼ ਆਗੂ ਗਿਆਨ ਸਿੰਘ ਗੁਪਤਾ ਤੇ ਯੁਗਰਾਜ ਸਿੰਘ ਆਦਿ ਨੇ ਦੱਸਿਆ ਕਿ ਨੰਗਲ ਡੈਮ ਤਲਵਾਡ਼ਾ ਵਾਇਆ ਤਜਵੀਜ਼ਤ ਰੇਲਵੇ ਪ੍ਰਾਜੈਕਟ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਕਸਬਾ ਦੌਲਤਪੁਰ ਚੌਂਕ ਤੱਕ ਮੁਕੰਮਲ ਹੋ ਚੁੱਕਿਆ ਹੈ।

ਪੰਜਾਬ ਵਾਲੇ ਪਾਸਿਓਂ ਸਰਹੱਦੀ ਪਿੰਡਾਂ ਭਟੋਲੀ, ਭਵਨੌਰ, ਰਾਮਗਡ਼੍ਹ ਸੀਕਰੀ, ਕਰਟੌਲੀ, ਨੰਗਲ ਖਨੌਡ਼ਾ ਆਦਿ ‘ਚ ਪ੍ਰਸ਼ਾਸਨ ਵੱਲੋਂ ਜ਼ਮੀਨ ਐਕੁਆਇਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਸਰਕਾਰ ਵੱਲੋਂ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਦੇ 1250 ਤੋਂ 2600 ਰੁਪਏ ਪ੍ਰਤੀ ਮਰਲਾ ਤੈਅ ਕੀਤਾ ਗਿਆ। ਸਾਲ 2016 ‘ਚ ਇਸੇ ਜ਼ਮੀਨ ਦੇ ਸਰਕਾਰ ਵੱਲੋਂ 36 ਤੋਂ 39 ਲੱਖ ਰੁਪਏ ਪ੍ਰਤੀ ਏਕਡ਼ ਦੇ ਆਫ਼ਰ ਲੈਟਰ ਜ਼ਮੀਨ ਮਾਲਕਾਂ ਨੂੰ ਦਿੱਤੇ ਗਏ ਸਨ। ਧਰਨੇ ਨੂੰ ਸੰਬੋਧਨ ਕਰਦਿਆਂ ਨੰਗਲ ਖਨੌਡ਼ਾ ਤੋਂ ਕਰਨੈਲ ਸਿੰਘ ਨੇ ਆਪਣੀ ਵਿਥਿਆ ਸੁਣਾਉਂਦਿਆਂ ਦੱਸਿਆ ਕਿ ਉਸਦੀ 10 ਕਨਾਲਾਂ ਤੋਂ ਵਧ ਜ਼ਮੀਨ ਰੇਲਵੇ ‘ਚ ਆਉਂਦੀ ਹੈ, ਮੌਜ਼ੂਦਾ ਬਜ਼ਾਰੂ ਕੀਮਤ ਦੋ ਲੱਖ ਰੁਪਏ ਪ੍ਰਤੀ ਮਰਲੇ ਤੋਂ ਵਧ ਹੈ,ਉਹ ਪਿਛਲੇ ਪੰਜ ਸਾਲ ਤੋਂ ਮਹਿਕਮਾ ਮਾਲ ਕੋਲ਼ ਆਪਣੀ ਜ਼ਮੀਨ ਦੀ ਕਿਸਮ ‘ਚਾਹੀ’ ਦਰਜ ਕਰਵਾਉਣ ਲਈ ਗੇਡ਼ੇ ਕੱਢ ਰਿਹਾ ਹੈ। ਜਦਕਿ ਪ੍ਰਸ਼ਾਸਨ ਨੇ ਉਸਦੀ ਜ਼ਮੀਨ ਦਾ ਭਾਅ 1265 ਤੋਂ 2630 ਰੁਪਏ ਪ੍ਰਤੀ ਮਰਲਾ ਨਿਰਧਾਰਿਤ ਕੀਤਾ ਗਿਆ ਹੈ।

ਦੇਸ਼ ਵਿੱਚ ਤੂਡ਼ੀ ਦੋ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਪ੍ਰਸ਼ਾਸਨ 2200 ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਜ਼ਮੀਨ ਖਰੀਦ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਐਸਡੀਐਮ ਮੁਕੇਰੀਆਂ ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੱਕ ਪਹੁੰਚ ਕੀਤੀ, ਪਰ ਕੋਈ ਹੱਲ ਨਹੀਂ ਨਿਕਲਿਆ। ਪ੍ਰਸ਼ਾਸਨ ਤੇ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਲੋਕਾਂ ਨੂੰ ਮਜ਼ਬੂਰਨ ਸਡ਼ਕਾਂ ’ਤੇ ਉਤਰਨਾ ਪਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੋਂ ਔਖੇ ਜ਼ਮੀਨ ਮਾਲਕਾਂ ਨੇ ਧਰਨੇ ‘ਚ ਪਹੁੰਚੇ ਡੀਐਸਪੀ ਦਸੂਹਾ ਤੇ ਨਾਇਬ ਤਹਿਸੀਲਦਾਰ ਤਲਵਾਡ਼ਾ ਨੂੰ ਮੰਗ ਪੱਤਰ ਦੇਣ ਤੋਂ ਮਨ੍ਹਾਂ ਕਰ ਦਿੱਤਾ। ਉਨ੍ਹਾਂ ਐਸਡੀਐਮ ਮੁਕੇਰੀਆਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਤਲਵਾਡ਼ਾ ਆ ਕੇ ਲੋਕਾਂ ਦੀਆਂ ਸੱਮਸਿਆਵਾਂ ਸੁਣਨ ਅਤੇ ਹੱਲ ਕੱਢਣ ਦੀ ਗੱਲ ਕਹੀ। ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਨੂੰ 30 ਤਾਰੀਕ ਨੂੰ ਮੁਡ਼ ਪਰਿਵਾਰਾਂ ਸਮੇਤ ਚੌਧਰੀ ਗਿਆਨ ਸਿੰਘ ਚੌਂਕ ’ਤੇ ਅਣਮਿੱਥੇ ਸਮੇਂ ਲਈ ਚੱਕਾ ਜਾਮ ਕਰਨ ਦਾ ਅਲਟੀਮੇਟਮ ਦਿੱਤਾ ਹੈ। ਇਸ ਉਪਰੰਤ ਸੰਘਰਸ਼ ਕਮੇਟੀ ਨੇ ਚੌਂਕ ‘ਤੇ ਸੰਕੇਤਕ ਜਾਮ ਲਗਾ ਕੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ।