ਪੰਜਾਬ: ਸੰਜੇ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਆਪ ਪਾਰਟੀ ਨੇ ਕੇਂਦਰ ਦੇ ਖਿਲਾਫ ਕੀਤਾ ਪ੍ਰਦਰਸ਼ਨ, ਫੂਕਿਆ ਪੁਤਲਾ, ਦੇਖੋਂ ਵੀਡਿਓ

ਪੰਜਾਬ: ਸੰਜੇ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਆਪ ਪਾਰਟੀ ਨੇ ਕੇਂਦਰ ਦੇ ਖਿਲਾਫ ਕੀਤਾ ਪ੍ਰਦਰਸ਼ਨ, ਫੂਕਿਆ ਪੁਤਲਾ, ਦੇਖੋਂ ਵੀਡਿਓ

ਅੰਮ੍ਰਿਤਸਰ: ਦਿੱਲੀ ਕਥਿਤ ਸ਼ਰਾਬ ਘਪਲੇ ਮਾਮਲੇ ਚ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਸੰਜੇ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਆਮ ਆਦਮੀ ਪਾਰਟੀ ਵੱਲੋਂ ਹੁਣ ਕੇਂਦਰ ਸਰਕਾਰ ਦੇ ਖਿਲਾਫ ਤੇ ਈਡੀ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਦੇ ਭੰਡਾਰੀ ਪੁੱਲ ਉੱਤੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਕੈਬਨਟ ਮੰਤਰੀ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਸ਼ਰਾਬ ਘੁਟਾਲਾ ਨਹੀਂ ਹੈ।

ਜੇਕਰ ਕੋਈ ਘੁਟਾਲਾ ਹੁੰਦਾ ਤਾਂ ਦਿੱਲੀ ਸਰਕਾਰ ਨੂੰ ਕਿਸੇ ਨਾ ਕਿਸੇ ਕਿਸਮ ਦਾ ਨੁਕਸਾਨ ਝੱਲਣਾ ਪੈਂਦਾ। ਉਹਨਾਂ ਨੇ ਕਿਹਾ ਕਿ ਪਰ ਅਜਿਹਾ ਕੋਈ ਨਹੀਂ ਸੀ, ਜੋ ਆਪਣੇ ਆਪ ਵਿੱਚ ਇਹ ਸਾਬਤ ਕਰਦਾ ਹੈ ਕਿ ਸ਼ਰਾਬ ਨੀਤੀ ਵਿੱਚ ਕੋਈ ਘਪਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸ਼ਰਾਬ ਨੀਤੀ ਦੀ ਇਹ ਜਾਂਚ, ਲੀਡਰਾਂ, ਠੇਕਿਆਂ ਅਤੇ ਰਿਟੇਲਰਾਂ 'ਤੇ ਹਜ਼ਾਰਾਂ ਛਾਪੇਮਾਰੀ ਅਤੇ 'ਆਪ' ਨੇਤਾਵਾਂ ਅਤੇ ਕੁਝ ਕਾਰੋਬਾਰੀਆਂ ਦੀਆਂ ਗ੍ਰਿਫਤਾਰੀਆਂ, ਇਹ ਸਭ ਕੁਝ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਭਾਜਪਾ ਦੀ ਸਾਜ਼ਿਸ਼ ਹੈ। ਇਸ ਦੇ ਨਾਲ ਹੀ ਕਾਂਗਰਸ ਦਾ ਸਵਾਲ ਪੁੱਛਣ ਦੇ ਉੱਪਰ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪੱਤਰਕਾਰਾਂ ਦੇ ਨਾਲ ਹੀ ਉਲਝਦੇ ਹੋਏ ਨਜ਼ਰ ਆਏ। ਦੂਜੇ ਪਾਸੇ ਇਸ ਮਾਮਲੇ ਤੇ ਬੋਲਦੇ ਹੋਏ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਨੇ ਕਿਹਾ ਭਾਰਤੀ ਰਾਜਨੀਤੀ ਵਿੱਚ ਭਾਜਪਾ ਦੇ ਦਿਨੋਂ-ਦਿਨ ਡਿੱਗਦੇ ਗ੍ਰਾਫ ਕਾਰਨ ਭਾਜਪਾ ਨਿਰਾਸ਼ ਅਤੇ ਬੇਚੈਨ ਹੈ।

ਭਾਜਪਾ ਨੇ ਕੇਂਦਰ ਵਿੱਚ 9 ਸਾਲਾਂ ਤੋਂ ਵੱਧ ਸਮਾਂ ਰਾਜ ਕੀਤਾ ਹੈ ਪਰ ਹੁਣ ਉਹ ਆਪਣੀ ਨਫ਼ਰਤ ਦੀ ਰਾਜਨੀਤੀ, ਪੂੰਜੀਪਤੀਆਂ ਨਾਲ ਪਿਆਰ ਅਤੇ ਲੋਕ ਵਿਰੋਧੀ ਨੀਤੀਆਂ ਦਾ ਸੇਕ ਮਹਿਸੂਸ ਕਰ ਰਹੇ ਹਨ। ਇਸੇ ਲਈ ਉਹ ਉਨ੍ਹਾਂ ਦੇ ਵਿਰੁੱਧ ਬੋਲਣ ਵਾਲੇ ਨੂੰ ਅੱਤਿਆਚਾਰਾਂ ਅਤੇ ਤਾਨਾਸ਼ਾਹੀ ਦਾ ਵਿਰੋਧ ਕਰਨ ਵਾਲੇ ਨੂੰ ਧਮਕਾਉਣ ਅਤੇ ਦਬਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਜਾਣਦੀ ਹੈ ਕਿ ਆਉਣ ਵਾਲੀਆਂ ਆਮ ਚੋਣਾਂ ਵਿੱਚ ਉਨ੍ਹਾਂ ਦੀ ਹਾਰ ਯਕੀਨੀ ਹੈ। ਇਸ ਲਈ ਉਹ ਸੀਬੀਆਈ ਅਤੇ ਈਡੀ ਰਾਹੀਂ ਵਿਰੋਧੀ ਧਿਰ ਦੇ ਨੇਤਾਵਾਂ 'ਤੇ ਹਮਲੇ ਕਰ ਰਹੀ ਹੈ।

ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਉਨ੍ਹਾਂ ਨੇ 'ਆਪ' ਦੇ ਇਕ ਹੋਰ ਵੱਡੇ ਨੇਤਾ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਓਹਨਾ ਨੇ ਕਿਹਾ ਕਿ ਸੰਜੇ ਸਿੰਘ ਹਮੇਸ਼ਾ ਹੀ ਭਾਜਪਾ ਸਰਕਾਰ ਅਤੇ ਉਨ੍ਹਾਂ ਦੇ ਲੋਕ ਵਿਰੋਧੀ, ਕਿਸਾਨ ਵਿਰੋਧੀ ਨੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਂਦੇ ਰਹੇ ਹਨ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਪੁੱਛਿਆ ਤਾਂ ਵਿਧਾਇਕਾਂ ਨੇ ਕਿਹਾ ਨਵਜੋਤ ਸਿੰਘ ਸਿੱਧੂ ਦਾ ਸਵੇਰੇ ਬਿਆਨ ਕੁਝ ਹੋਰ ਹੁੰਦਾ ਹੈ ਅਤੇ ਸ਼ਾਮ ਨੂੰ ਬਿਆਨ ਕੁਝ ਹੋਰ ਹੁੰਦਾ ਹੈ ਇਸ ਲਈ ਉਹ ਨਵਜੋਤ ਸਿੰਘ ਸਿੱਧੂ ਦੇ ਕਿਸੇ ਵੀ ਬਿਆਨ ਤੇ ਕੋਈ ਵੀ ਟਿੱਪਣੀ ਨਹੀਂ ਕਰਨਗੇ।