ਪੰਜਾਬ. ਨਿੱਜਰ ਕਤਲ ਕੇਸ ਵਿੱਚ ਸਿਰਫ਼ ਸਿੱਖਾਂ ਨੂੰ ਕੀਤਾ ਜਾ ਰਿਹਾ ਬਦਨਾਮ: ਗਰੇਵਾਲ, ਦੇਖੋ ਵੀਡਿਓ

ਪੰਜਾਬ. ਨਿੱਜਰ ਕਤਲ ਕੇਸ ਵਿੱਚ ਸਿਰਫ਼ ਸਿੱਖਾਂ ਨੂੰ ਕੀਤਾ ਜਾ ਰਿਹਾ ਬਦਨਾਮ: ਗਰੇਵਾਲ, ਦੇਖੋ ਵੀਡਿਓ

ਅੰੰਮਿ੍ਤਸਰ: ਵਿਦੇਸ਼ ਵਿਚ ਹੋਏ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕੈਨੇਡਾ ਅਤੇ ਭਾਰਤ ਵਿਚਾਲੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਭਾਜਪਾ ਦੇ ਆਗੂਆਂ ਵੱਲੋਂ ਸਿੱਖਾਂ ਦੇ ਉੱਪਰ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਉੱਪਰ ਬਿਆਨਬਾਜੀ ਕੀਤੀ ਜਾ ਰਹੀ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਵੱਲੋਂ ਵੀ ਹੁਣ ਟਿੱਪਣੀ ਕੀਤੀ ਗਈ ਹੈ। ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਜਾਣ ਬੁੱਝ ਕੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਅਤੇ ਇਹ ਬੜੀ ਵੱਡੀ ਸਾਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਇਹ ਸਾਜ਼ਿਸ਼ 1984 ਦੇ ਵਿੱਚ ਵੀ ਸਿੱਖ ਕੌਮ ਦੇ ਨਾਲ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਨੇ ਕਈ ਦਰਦਨਾਕ ਸਮੇਂ ਵੀ ਹੰਢਾਏ ਹਨ, ਜਿਸ ਵਿਚ ਜੂਨ 1984 ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਫ਼ੌਜੀ ਹਮਲਾ, ਸਿੱਖ ਨੌਜੁਆਨੀ ਦਾ ਘਾਣ ਸ਼ਾਮਲ ਹੈ।

ਇਸ ਦੇ ਨਾਲ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਦੇ ਉੱਪਰ ਗੱਲ ਕਰਦਿਆਂ ਕਿਹਾ ਸਿੱਖਾਂ ਬਾਰੇ ਗਲਤ ਬਿਆਨਬਾਜ਼ੀ ਕਰ ਰਹੀ ਹੈ। ਉਸ ਨੂੰ ਪਹਿਲਾਂ ਆਪਣੇ ਇਤਿਹਾਸ ਵੱਲ ਝਾਤ ਮਾਰ ਲੈਣੀ ਚਾਹੀਦੀ ਹੈ। ਕਿ ਉਹ ਇੱਕ ਬ੍ਰਾਹਮਣ ਪਰਿਵਾਰ ਤੋਂ ਸੰਬੰਧ ਰੱਖਦੀ ਹੈ ਅਤੇ ਨੌਵੀਂ ਪਾਤਸ਼ਾਹੀ ਨੇ ਹਿੰਦੂ ਧਰਮ ਬਚਾਉਣ ਲਈ ਕਿੰਨੀ ਵੱਡੀ ਕੁਰਬਾਨੀ ਦਿਤੀ ਸੀ। ਗਰੇਵਾਲ ਨੇ ਕਿਹਾ ਕਿ ਜਿਨ੍ਹਾਂ ਸਿੱਖਾਂ ਦੇ ਉੱਪਰ ਅੱਜ ਸਵਾਲ ਚੁੱਕੇ ਜਾ ਰਹੇ ਹਨ, ਭਾਵੇ ਸਿੱਖਾਂ ਦੀ ਗਿਣਤੀ ਸਿਰਫ 2 % ਹੈ ਲੇਕਿਨ ਅੱਜ ਵੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਇਸ ਦੇਸ਼ ਦੀ ਖਾਤਰ ਸਿੱਖਾਂ ਨੇ ਹੀ ਦਿੱਤੀਆਂ ਹਨ। ਜਾਣ-ਬੁੱਝ ਕੇ ਸਿੱਖਾਂ ਨੂੰ ਬਦਨਾਮ ਕਰਨਾ ਬੰਦ ਕੀਤਾ ਜਾਵੇ ਨਹੀਂ ਤਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਵੱਡਾ ਖਤਰਾ ਬਣ ਸਕਦਾ ਹੈ।