ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ..

ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ..

ਵਾਜਬ ਰੇਟ ਦਿੱਤੇ ਵਗ਼ੈਰ ਇੱਕ ਇੰਚ ਜ਼ਮੀਨ ਵੀ ਦੇਣ ਤੋਂ ਕੀਤੀ ਨਾਂਹ, ਮੰਗਾਂ ਦੇ ਹੱਕ ‘ਚ ਸੋਮਵਾਰ ਨੂੰ ਤਲਵਾਡ਼ਾ ‘ਚ ਦਿੱਤਾ ਜਾਵੇਗਾ ਧਰਨਾ

ਤਲਵਾਡ਼ਾ (ਜੌਤੀ ਗੌਤਮ)। ਕੰਢੀ ਏਰੀਆ ਰੇਲਵੇ ਪ੍ਰਭਾਵਿਤ ਸੰਘਰਸ਼ ਕਮੇਟੀ, ਤਲਵਾਡ਼ਾ ਦੀ ਅਹਿਮ ਮੀਟਿੰਗ ਲੰਬਡ਼ਦਾਰ ਸੰਜੀਵ ਕੁਮਾਰ ਉਰਫ਼ ਬੱਲੂ ਦੀ ਅਗਵਾਈ ਹੇਠ ਪਿੰਡ ਕਰਟੋਲੀ ‘ਚ ਹੋਈ। ਮੀਟਿੰਗ ‘ਚ ਵੱਡੀ ਗਿਣਤੀ ਸੰਘਰਸ਼ ਕਮੇਟੀ ਮੈਂਬਰ ਸ਼ਾਮਲ ਹੋਏ। ਬੀਤੇ ਦਿਨੀਂ ਐਸਡੀਐਮ ਮੁਕੇਰੀਆਂ ਨਾਲ ਸੰਘਰਸ਼ ਕਮੇਟੀ ਦੇ ਵਫ਼ਦ ਦੀ ਹੋਈ ਮੀਟਿੰਗ ਦਾ ਵਿਸਥਾਰਪੂਰਵਕ ਵੇਰਵਾ ਸੁਨੀਲ ਕੌਸ਼ਲ ਅਤੇ ਸੁਮਿੰਦਰ ਸਿੰਘ ਨੇ ਦਿੱਤਾ। ਉੱਥੇ ਹੀ ਲੰਘੀ 22 ਤਾਰੀਕ ਦੇ ਤਲਵਾਡ਼ਾ ਚੌਂਕ ’ਤੇ ਦਿੱਤੇ ਧਰਨਾ ਦਾ ਰੀਵਿਊ ਕੀਤਾ ਗਿਆ। 

ਮੀਟਿੰਗ ‘ਚ 30 ਤਾਰੀਕ ਦੇ ਐਲਾਨੇ ਧਰਨੇ ਨੂੰ ਮੂਲਤਵੀ ਕਰ  ਸੋਮਵਾਰ ਚਾਰ ਤਾਰੀਕ ਨੂੰ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਚੌਂਕ ਤਲਵਾਡ਼ਾ ਵਿਖੇ ਦੇਣ ਦਾ ਸਰਬਸਮੰਤੀ ਨਾਲ ਫੈਸਲਾ ਕੀਤਾ। ਜ਼ਿਕਰਯੋਗ ਹੈ ਕਿ ਨੰਗਲ ਡੈਮ ਤਲਵਾਡ਼ਾ ਵਾਇਆ ਊਨਾ ਤਜਵੀਜ਼ਤ ਰੇਲਵੇ ਪ੍ਰਾਜੈਕਟ ਲਈ ਪੰਜਾਬ ਵਾਲੇ ਪਾਸਿਓਂ ਭਟੋਲੀ, ਭਵਨੌਰ, ਰਾਮਗਡ਼ ਸੀਕਰੀ, ਨੰਗਲ ਖਨੌਡ਼ਾ, ਕਰਟੋਲੀ ਆਦਿ ਪਿੰਡਾਂ ‘ਚ ਪ੍ਰਸ਼ਾਸਨ ਵੱਲੋਂ ਜ਼ਮੀਨ ਐਕੁਆਇਰ ਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਪਰ ਸਰਕਾਰ ਵੱਲੋਂ ਐਲਾਨੇ ਰੇਟ ਬਹੁਤ ਘੱਟ ਹਨ।

 ਜਿਸ ਦੇ ਵਿਰੋਧ ‘ਚ ਪੀਡ਼੍ਹਤ ਪਿੰਡਾਂ ਦੇ ਨਿਵਾਸੀ ਸੰਘਰਸ਼ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਲੰਬਡ਼ਦਾਰ ਕਰਟੋਲੀ ਅਤੇ ਅਮਰੋਹ ਸੰਜੀਵ ਕੁਮਾਰ ਉਰਫ਼ ਬੱਲੂ ਤੇ ਸਫ਼ੇਦ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਜ਼ਮੀਨਾਂ ਦਾ ਭਾਅ 1250 ਤੋਂ 2500 ਰੁਪਏ ਪ੍ਰਤੀ ਮਰਲਾ ਤੈਅ ਕੀਤਾ ਹੈ। 2016 ‘ਚ ਪ੍ਰਸ਼ਾਸਨ ਵੱਲੋਂ ਜ਼ਮੀਨ ਐਕੁਆਇਰ ਲਈ ਦਿੱਤੇ ‘ਆਫ਼ਰ ਲੈਟਰ ’ ਵਿੱਚ 36 ਲੱਖ ਰੁਪਏ ਪ੍ਰਤੀ ਏਕਡ਼ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ’ਤੇ ਜ਼ਮੀਨ ਐਕੁਆਇਰ ਕਰਨ ਲਈ ਨਿਰਧਾਰਿਤ ਮਾਪਦੰਡ ਪੂਰੇ ਨਾ ਕਰਨ ਅਤੇ ਲੋਕਾਂ ਤੋਂ ਓਹਲੇ ਰੱਖਣ ਦੇ ਦੋਸ਼ ਲਗਾਏ। ਹਾਜ਼ਰ ਮੈਂਬਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਲਹਿਜ਼ੇ ‘ਚ ਚੇਤਾਵਨੀ ਦਿੰਦਿਆਂ ਵਾਜਬ ਰੇਟ ਦਿੱਤੇ ਵਗੈਰ ਰੇਲਵੇ ਲਈ ਆਪਣੀ ਇੱਕ ਇੰਚ ਵੀ ਜ਼ਮੀਨ ਨਾ ਦੇਣ ਦਾ ਐਲਾਨ ਕੀਤਾ।