ਗ੍ਰਾਮ ਸਭਾ ਦਾ ਆਮ ਇਜਲਾਸ ਕਰਵਾਇਆ, ਵਿਕਾਸ ਕੰਮਾਂ ਦੇ ਮਤੇ ਪਾਏ

ਗ੍ਰਾਮ ਸਭਾ ਦਾ ਆਮ ਇਜਲਾਸ ਕਰਵਾਇਆ, ਵਿਕਾਸ ਕੰਮਾਂ ਦੇ ਮਤੇ ਪਾਏ

ਵਿਭਿੰਨ ਵਿਭਾਗਾਂ ਦੇ ਨੁੰਮਾਇਦਿਆਂ ਨੇ ਸਰਕਾਰੀ ਯੋਜਨਾਵਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ..

ਤਲਵਾਡ਼ਾ (ਜੌਤੀ ਗੌਤਮ)। ਇੱਥੇ ਪਿੰਡ ਹਲੇਡ਼੍ਹ ਵਿਖੇ ਗ੍ਰਾਮ ਸਭਾ ਦਾ ਹਾਡ਼ੀ ਰੁੱਤ ਦਾ ਆਮ ਇਜਲਾਸ ਸਰਪੰਚ ਦੀਪਕ ਕੁਮਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਗਰਾਮ ਸਭਾ ਦੀ ਕਾਰਵਾਈ ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ ਤੇ ਪੰਚਾਇਤ ਸਕੱਤਰ ਅਨਿਲ ਕੁਮਾਰ ਨੇ ਕੀਤੀ। 

ਆਮ ਇਜਲਾਸ ਦੀ ਸ਼ੁਰੂਆਤ ਕਰੋਨਾ ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ‘ਚ ਦੋ ਮਿੰਟ ਦਾ ਮੌਨ ਰੱਖ ਸ਼ਰਧਾਂਜਲੀ ਦੇਣ ਨਾਲ ਕੀਤੀ ਗਈ। ਇਸ ਉਪਰੰਤ ਇਜਲਾਸ ‘ਚ ਵੱਖ ਵੱਖ ਵਿਭਾਗਾਂ ਤੋਂ ਪਹੁੰਚੇ ਨੁਮਾਇੰਦਿਆਂ ਨੇ ਸਰਕਾਰੀ ਯੋਜਨਾਵਾਂ ਸਬੰਧੀ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਸਿਹਤ ਵਿਭਾਗ ਤੋਂ ਪਹੁੰਚੇ ਸੀਨੀਅਰ ਡਾਕਟਰ ਲਸ਼ਕਰ ਨੇ ਪਲਾਸਟਿਕ ਦੀ ਵਰਤੋਂ ਘਟਾਉਣ, ਚੌਗਿਰਦੇ ਨੂੰ ਹਰਾ ਭਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ, ਪਾਣੀ ਦੀ ਸੁਚੱਜੀ ਵਰਤੋਂ ਆਦਿ ਕਰਨ ਦੀ ਗੱਲ ਕਹੀ, ਉਨ੍ਹਾਂ ਸਿਹਤ ਵਿਭਾਗ ਵੱਲੋਂ ਚਲਾਈਆਂ ਯੋਜਨਾਵਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

 ਕੋਆਪ੍ਰੇਟਿਵ ਬੈਂਕ ਤਲਵਾਡ਼ਾ ਦੇ ਬ੍ਰਾਂਚ ਮੈਨੇਜ਼ਰ ਯਾਦਵਿੰਦਰ ਕੰਵਰ ਨੇ ਟੈਕਨੋਲੋਜ਼ੀ ਦੇ ਯੁੱਗ ਵਿੱਚ ਹੋ ਰਹੀਆਂ ਆਨਲਾਈਨ ਠੱਗੀਆਂ ਅਤੇ ਉਨ੍ਹਾਂ ਤੋਂ ਸੁਚੇਤ ਰਹਿਣ, ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਭਿੰਨ ਬੀਮਾ ਸਕੀਮਾਂ ਬਾਰੇ ਦੱਸਿਆ। ਥਾਣਾ ਤਲਵਾਡ਼ਾ ਮੁਖੀ ਹਰਗੁਰਦੇਵ ਸਿੰਘ ਨੇ ਸਾਈਬਰ ਕਰਾਇਮ ਸਬੰਧੀ ਨੁੱਕਤੇ ਸਾਂਝੇ ਕੀਤੇ ਅਤੇ ਇਸ ਤੋਂ ਬਚਾਅ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ।

 ਭੂਮੀ ਰੱਖਿਆ ਵਿਭਾਗ ਤੋਂ ਵਿਪਨ ਕੁਮਾਰ, ਜੰਗਲਾਤ ਵਿਭਾਗ ਤੋਂ ਸ਼ਾਮ ਲਾਲ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਰਵਿੰਦਰ ਕੁਮਾਰ, ਪਾਵਰਕਾਮ ਵਿਭਾਗ ਤੋਂ ਜੇਈ ਅਸ਼ੋਕ ਕੁਮਾਰ ਆਦਿ ਨੇ ਆਪੋ ਆਪਣੇ ਵਿਭਾਗਾਂ ‘ਚ ਸਰਕਾਰ ਦੀਆਂ ਲੋਕ ਕਲਿਆਣ ਦੀਆਂ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਰਪੰਚ ਦੀਪਕ ਕੁਮਾਰ ਨੇ ਗ੍ਰਾਮ ਪੰਚਾਇਤ ਵੱਲੋਂ ਆਪਣੇ ਕਾਰਜ਼ਕਾਲ ‘ਚ ਹੁੱਣ ਤੱਕ ਕਰਵਾਏ ਕੰਮਾਂ ਦਾ ਲੇਖਾ ਜੋਖਾ ਪਿੰਡ ਵਾਸੀਆਂ ਸਾਹਮਣੇ ਰੱਖਿਆ, ਪਿਛਲੇ ਕੰਮਾਂ ਦਾ ਰੀਵਿਊ ਕੀਤਾ। ਅਗਲੇਰੇ ਕੰਮਾਂ ਦੀ ਗ੍ਰਾਮ ਸਭਾ ਨੇ ਨਿਸ਼ਾਨਦੇਹੀ ਕਰਕੇ ਮਤੇ ਪਾਏ। ਪਿੰਡ ‘ਚ ਨਾਲੀਆਂ ਦੀ ਸਫ਼ਾਈ ਲਈ ਸਫ਼ਾਈ ਸੇਵਕ ਰੱਖਣ ਅਤੇ ਉਸਦੇ ਖਰਚੇ ਦਾ ਪ੍ਰਬੰਧ ਮੁਹੱਲਾ ਵਾਸੀਆਂ ਵੱਲੋਂ ਆਪ ਕਰਨ ’ਤੇ ਸਹਿਮਤੀ ਦਿੱਤੀ।

ਪੰਚਾਇਤ ਅਫ਼ਸਰ ਪ੍ਰਦੀਪ ਕੁਮਾਰ ਨੇ ਗ੍ਰਾਮ ਸਭਾ ਦੇ ਮਹੱਤਵ ਦੀ ਜਾਣਕਾਰੀ ਦਿੱਤੀ। ਬੀਡੀਪੀਓ ਤਲਵਾਡ਼ਾ ਸੁਖਪ੍ਰੀਤ ਸਿੰਘ ਗ੍ਰਾਮ ਸਭਾ ਦੀ ਸਫ਼ਲਤਾ ਲਈ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਇਜਲਾਸ ‘ਚ ਬੇਟੀ ਅੰਬਿਕਾ ਅਤੇ ਸ਼ਰੂਤੀ ਨੇ ਸਮਾਜਿਕ ਮੁੱਦਿਆਂ ’ਤੇ ਆਪਣੇ ਵਿਚਾਰ ਰੱਖੇ, ਜਦਕਿ ਓਨਮ ਸੰਧੂ ਨੇ ‘ਕੁਦਰਤ’ ਗੀਤ ਰਾਹੀਂ ਹਾਜ਼ਰੀਨ ਨੂੰ ਮੰਤਰਮੁਗਧ ਕੀਤਾ। ਬੀਡੀਪੀਓ ਦਫ਼ਤਰ ਤਲਵਾਡ਼ਾ ਤੋਂ ਲੇਖਾਕਾਰ ਸੁਰਜੀਤ ਚੰਦ, ਜੀਓਜੀ ਸੂਬੇਦਾਰ ਰਾਜੇਸ਼ ਕੁਮਾਰ ਆਦਿ ਨੇ ਵੀ ਸੰਬੋਧਨ ਕੀਤਾ। ਆਮ ਇਜਲਾਸ ‘ਚ ਲੰਬਡ਼ਦਾਰ ਗੰਧਰਵ ਸਿੰਘ ਤੇ ਚਮਨ ਲਾਲ, ਪੰਚ ਮਦਨ ਲਾਲ, ਤਰਸੇਮ ਲਾਲ, ਗੋਬਿੰਦ ਸਿੰਘ, ਨਰੇਸ਼ ਕੁਮਾਰੀ ਤੇ ਕਮਲੇਸ਼ ਕੁਮਾਰੀ, ਮਹਿਲਾ ਮੰਡਲ, ਸੈਲਫ਼ ਹੈਲਪ ਗਰੁੱਪ ਆਦਿ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।