ਆਦਮਪੁਰ ਅੰਬੇਡਕਰ ਸੈਨਾ ਦੀ ਪ੍ਰਸ਼ਾਸਨ ਨੂੰ ਚੇਤਾਵਨੀ, 1 ਤਾਰੀਖ ਨੂੰ ਹੋਵੇਗਾ ਐਸਐਸਪੀ ਦਫਤਰ ਦਾ ਘਿਰਾਓ

ਆਦਮਪੁਰ ਅੰਬੇਡਕਰ ਸੈਨਾ ਦੀ ਪ੍ਰਸ਼ਾਸਨ ਨੂੰ ਚੇਤਾਵਨੀ, 1 ਤਾਰੀਖ ਨੂੰ ਹੋਵੇਗਾ ਐਸਐਸਪੀ ਦਫਤਰ ਦਾ ਘਿਰਾਓ

ਆਦਮਪੁਰ (ਗਣੇਸ਼ ਸ਼ਰਮਾ)। ਅੱਜ ਅੰਬੇਡਕਰ ਸੈਨਾ ਪੰਜਾਬ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬਲਵਿੰਦਰ ਬੁੱਗਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਆਦਮਪੁਰ ਦੇ ਪਿੰਡ ਚੋਮੋ ਵਿਚ ਅਧਿਕਾਰਿਤ ਸਰਪੰਚ ਵਲੋਂ ਇਕ ਵਿਅਕਤੀ ਦੇ ਘਰ ਅੱਗੇ ਜ਼ਬਰਨ ਦੀਵਾਰ ਬਣਾਈ ਜਾ ਰਹੀ ਸੀ ਜਿਸ ਦਾ ਪਰਿਵਾਰਕ ਮੈਂਬਰਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਉਨ੍ਹਾਂ ਅੰਬੇਡਕਰ ਸੈਨਾ ਆਦਮਪੁਰ ਦੇ ਪ੍ਰਧਾਨ ਬਲਵੀਰ ਸਿੱਧੂ ਨਾਲ ਮੱਦਦ ਲਈ ਸੰਪਰਕ ਕੀਤਾ ਗਿਆ। 

ਜਦੋਂ ਅੰਬੇਡਕਰ ਸੈਨਾ ਆਦਮਪੁਰ ਦੇ ਪ੍ਰਧਾਨ ਨੇ ਮੌਕੇ ਤੇ ਜਾ ਕੇ ਅਧਿਕਾਰਿਤ ਸਰਪੰਚ ਸਾਹਿਬ ਨਾਲ ਗੱਲਬਾਤ ਕਰਨੀ ਚਾਹੀ ਤਾਂ ਸਰਪੰਚ ਨੇ ਪ੍ਰਧਾਨ ਨਾਲ ਗਾਲੀ ਗਲੋਚ ਕੀਤੀ ਅਤੇ ਸਾਰਿਆ ਦੇ ਸਤਿਕਾਰਯੋਗ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਵੀ ਭੱਦੀ ਸ਼ਬਦਾਵਲੀ ਬੋਲੀ। ਜਿਸ ਦੀ ਲਿਖਤੀ ਸ਼ਿਕਾਇਤ ਥਾਣਾ ਆਦਮਪੁਰ ਨੂੰ ਦਿੱਤੀ ਗਈ। ਪਰ ਥਾਣਾ ਆਦਮਪੁਰ ਦੇ ਐਸ ਐਸ ਓ ਵਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਦੇ ਚਲਦਿਆਂ ਅੰਬੇਡਕਰ ਸੈਨਾ ਵਲੋਂ  ਥਾਣਾ ਆਦਮਪੁਰ ਦੇ ਘਿਰਾਓ ਦੀ ਕਾਲ ਦਿੱਤੀ ਗਈ। ਪਰ ਪੁਲਿਸ ਦੇ ਕੰਨ ਤੇ ਜੂੰ ਨਹੀਂ ਸਰਕੀ ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਚੁੱਪ ਰਹਿ ਕੇ ਇਸ ਵਿਵਾਦ ਨੂੰ ਹੱਲ ਕਰਨ ਦੀ ਵਜਾਏ ਹੋਰ ਉਲਝਾ ਦਿੱਤਾ। ਇਸ ਦੇ ਵਿਰੋਧ ਵਜੋਂ ਜਦੋਂ ਅੰਬੇਡਕਰ ਸੈਨਾ ਵਲੋਂ ਥਾਣਾ ਆਦਮਪੁਰ ਦਾ ਘਿਰਾਓ ਕੀਤਾ ਜਿਥੇ ਦੋ ਘੰਟੇ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਆਦਮਪੁਰ ਦੇ ਐਸ ਐਚ ਓ ਅਤੇ ਡੀ ਐਸ ਪੀ ਨੇ ਪ੍ਰਦਰਸ਼ਨਕਾਰੀਆਂ ਨਾਲ ਮੁਲਾਕਾਤ ਕਰਨੀ ਵੀ ਮੁਨਾਸਿਬ ਨਹੀਂ ਸਮਝੀ ਤਾਂ ਆਖਰਕਾਰ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਮਜਬੂਰਨ ਰੋਡ ਜਾਮ ਕਰਨਾ ਪਿਆ ਪਰ ਇਕ ਸਾਈਡ ਜਲਦੀ ਰੱਖੀ ਜਿਸ ਵਿੱਚ ਐਂਬੂਲੈਂਸ, ਏਅਰਪੋਰਟ ਜਾਣ ਵਾਲੇ, ਬਰਾਤ ਅਤੇ ਮਕਾਣ ਜਾਣ ਵਾਲੇ ਯਾਤਰੀਆਂ ਨੂੰ ਪਹਿਲ ਦੇ ਆਧਾਰ ਤੇ ਲੰਘਾਇਆ ਗਿਆ ਤਾਂ ਜ਼ੋ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋ ਸਕੇ। ਇਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਵਲੋਂ ਅੰਬੇਡਕਰ ਸੈਨਾ ਦੇ ਸਾਥੀਆਂ ਉਪਰੰਤ ਪਰਚਾ ਦਰਜ਼ ਕੀਤਾ ਗਿਆ। 

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਵੱਖ ਵੱਖ ਜਥੇਬੰਦੀਆਂ ਵਲੋਂ ਆਦਮਪੁਰ ਬੰਦ ਕੀਤਾ ਗਿਆ ਪਰ ਕਿਸੇ ਤੇ ਵੀ ਕੋਈ ਪਰਚਾ ਨਹੀਂ ਕੀਤਾ ਗਿਆ ਇਸ ਦੇਸ਼ ਅੰਦਰ ਦੋ ਤਰ੍ਹਾਂ ਦਾ ਕਾਨੂੰਨ ਕਿਉਂ? ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵਿੰਦਰ ਬੁੱਗਾ ਨੇ ਕਿਹਾ ਕਿ ਇਸ ਮਸਲੇ ਨੂੰ ਲੈਕੇ ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਦੋਵਾਂ ਧਿਰਾਂ ਦੀ ਜਲੰਧਰ ਵਿਖੇ ਮੀਟਿੰਗ ਕਰਵਾਈ ਗਈ ਜਿਸ ਵਿੱਚ ਦੋਨਾਂ ਧਿਰਾਂ ਦੇ ਮੱਤਭੇਦ ਦੂਰ ਕਰਵਾਏ ਗਏ ਅਤੇ ਕੁਝ ਸ਼ਰਤਾਂ ਅਧਿਨ ਰਾਜ਼ੀਨਾਮਾ ਕਰਵਾਇਆ ਗਿਆ। ਜਿਸ ਨੂੰ ਦੂਸਰੀ ਧਿਰ ਵਲੋਂ ਪੂਰਾ ਨਹੀਂ ਕੀਤਾ ਗਿਆ ਇਸ ਕਰਕੇ ਕੀਤੇ ਗਏ ਰਾਜ਼ੀਨਾਮੇ ਨੂੰ ਅੰਬੇਡਕਰ ਸੈਨਾ ਵਲੋਂ ਰਾਜ਼ੀਨਾਮਾ ਰੱਦ ਕੀਤਾ ਜਾਂਦਾ ਹੈ।

ਇਸ ਮੌਕੇ ਆਦਿ ਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦੱਲ ਭਗਵਾਨ ਵਾਲਮੀਕਿ ਤਿਰਥ ਅਮ੍ਰਿਤਸਰ ਦੇ ਪ੍ਰਧਾਨ ਜੁਗਿੰਦਰ ਮਾਨ ਨੇ ਕਿਹਾ ਕਿ ਪੁਲਿਸ ਵਲੋਂ ਦਲਿਤ ਭਾਈਚਾਰੇ ਖਿਲਾਫ ਪਰਚਾ ਦਰਜ਼ ਕਰਕੇ ਦਲਿਤ ਭਾਈਚਾਰੇ ਨਾਲ ਵਿਤਕਰਾ ਕੀਤਾ ਹੈ ਇਸ ਦਾ ਸਮੂਹ ਭਾਈਚਾਰੇ ਵਲੋ ਡਟਵਾਂ ਵਿਰੋਧ ਕਰਦੇ ਹਾਂ ਅਤੇ ਇੱਕ ਸਤੰਬਰ ਨੂੰ ਐਸ ਐਸ ਪੀ ਜਲੰਧਰ ਦਾ ਘਿਰਾਓ ਕਰਾਂਗੇ। ਜੇਕਰ ਕੋਈ ਢੁੱਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਪੰਜਾਬ ਬੰਦ ਦੀ ਕਾਲ ਦਿੱਤੀ ਜਾਵੇਗੀ ਜਿਸ ਦੀ ਜੁਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਬਲਵੀਰ ਸਿੱਧੂ ਪ੍ਰਧਾਨ ਆਦਮਪੁਰ, ਸ਼ਹਿਰੀ ਪ੍ਰਧਾਨ ਸ਼ਿਵ ਕੁਮਾਰ ਗੋਰਾ, ਬਾਬਾ ਮੁਕੇਸ਼ ਦਾਸ ਜੀ, ਪ੍ਰਧਾਨ ਹਰਦੀਪ ਮਾਨ, ਦਿਲਬਰ ਬੁੱਟਰ, ਪਰਮਜੀਤ ਪੰਮੀ, ਰਾਮੂ, ਮਨਜੀਤ , ਗੁਰਮੇਲ ਸਿੰਘ ਭੋਲਾ, ਰਾਜ ਕੁਮਾਰ ਰਾਜੂ, ਦਵਿੰਦਰ ਚੁੰਬਰ, ਸੁਖਵਿੰਦਰ ਸਿੰਘ, ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।