ਪੰਜਾਬ : ਕਲਯੁਗੀ ਮਾਂ ਵਲੋਂ ਬੱਚੀ ਨਾਲ ਕੁੱਟਮਾਰ ਦੀ ਵੀਡਿਓ ਹੋਈ ਵਾਇਰਲ

ਪੰਜਾਬ : ਕਲਯੁਗੀ ਮਾਂ ਵਲੋਂ ਬੱਚੀ ਨਾਲ ਕੁੱਟਮਾਰ ਦੀ ਵੀਡਿਓ ਹੋਈ ਵਾਇਰਲ

ਲੁਧਿਆਣਾ : ਕੁਝ ਮਹੀਨੇ ਪਹਿਲਾਂ ਇੱਕ ਮਾਂ ਵਲੋਂ ਆਪਣੀ ਹੀ 10 ਸਾਲ ਦੀ ਬੱਚੀ ਦੇ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਦੀ ਵੀਡਿਓ ਵਾਇਰਲ ਹੋਈ ਸੀ ਅਤੇ ਬੱਚੀ ਵਲੋਂ ਲਿਖੀ ਇੱਕ ਚਿੱਠੀ ਵੀ ਵਾਇਰਲ ਹੋਈ ਸੀ। ਜਿਸ ਵਿੱਚ ਉਸਨੇ ਲਿਖਿਆ ਸੀ ਕਿ ਮੇਰੀ ਮਾਂ ਮੈਨੂੰ ਰੋਜ ਕੁੱਟਦੀ ਹੈ ਅਤੇ ਮੈਨੂੰ ਰੋਟੀ ਵੀ ਖਾਣ ਨੂੰ ਨਹੀਂ ਦਿੰਦੀ, ਜਿਸਤੋਂ ਬਾਅਦ ਥਾਣਾ ਬਸਤੀ ਜੋਧੇਵਾਲ ਦੀ ਪੁਲਿਸ ਨੇ ਬੱਚੀ ਦੀ ਮਾਂ ਨੂੰ ਥਾਣੇ ਬੁਲਾਇਆ ਸੀ ਅਤੇ ਬੱਚੀ ਦੀ ਮਾਂ ਨੇ ਆਪਣੀ ਗਲਤੀ ਮੰਨ ਲਈ ਸੀ। ਦੁਬਾਰਾ ਬੱਚੀ ਨਾਲ ਕੁੱਟਮਾਰ ਕਰਨ ਤੋਂ ਤੌਬਾ ਕੀਤੀ ਸੀ। ਪਰ ਹੁਣ ਇੱਕ ਹੋਰ ਤਾਜ਼ਾ ਵੀਡਿਓ ਵਾਇਰਲ ਹੋਈ ਹੈ ਜਿਸ ਵਿੱਚ ਉਹੀ ਕਲਯੁਗੀ ਮਾਂ ਫਿਰ ਤੋਂ ਆਪਣੀ ਬੱਚੀ ਨੂੰ ਘੜੀਸ ਕੇ ਕੁੱਟਮਾਰ ਕਰਦੀ ਦਿਖਾਈ ਦੇ ਰਹੀ ਹੈ।

ਉਸਨੂੰ ਪਤਾ ਹੈ ਕਿ ਗਲੀ ਵਿੱਚ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਉਹ ਬੱਚੀ ਨੂੰ ਘੜੀਸਕੇ ਘਰ ਦੇ ਅੰਦਰ ਲਿਜਾਕੇ ਕੁੱਟਮਾਰ ਕਰਦੀ ਹੈ। ਘਰ ਦੇ ਅੰਦਰ ਦੀ ਵੀਡਿਓ ਤਾਂ ਸਾਹਮਣੇ ਨਹੀਂ ਆਈ ਪਰ ਗਲੀ ਵਿੱਚ ਬੱਚੀ ਨਾਲ ਕੁੱਟਮਾਰ ਦੀ ਵੀਡੀਓ ਕੈਮਰੇ ਵਿੱਚ ਰਿਕਾਰਡ ਹੋ ਗਈ। ਇਹ ਵੀਡਿਓ ਲੁਧਿਆਣਾ ਦੇ ਬਲਦੇਵ ਨਗਰ ਦੀ ਹੈ। ਕਿਹਾ ਜਾਂਦਾ ਹੈ ਕਿ ਇਸ ਬੱਚੀ ਨਾਲ ਹਰ ਰੋਜ ਇਸੇ ਤਰ੍ਹਾਂ ਘਰ ਦੇ ਅੰਦਰ ਕੁੱਟਮਾਰ ਕੀਤੀ ਜਾਂਦੀ ਹੈ। ਗਲੀ ਵਾਲੇ ਜੇਕਰ ਬੱਚੀ ਦੀ ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਉਨ੍ਹਾਂ ਨਾਲ ਵੀ ਗਾਲੀ ਗਲੋਚ ਕਰਦੀ ਹੈ। ਲੋਕਾਂ ਦੇ ਬੱਚਿਆਂ ਨੂੰ ਬਦ ਬਦਦੁਆਵਾਂ ਦਿੰਦੀ ਹੈ। ਜਿਸ ਕਰਕੇ ਕੋਈ ਵੀ ਉਸਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਦਾ।