ਏਸ਼ਿਆਈ ਖੇਡਾਂ ’ਚ ਮੈਡਲ ਹਾਸਲ ਕਰਨ ਵਾਲੇ ਤੂਰ ਤੇ ਬੈਂਸ ਦਾ ਪਟਿਆਲਾ ਪੁੱਜਣ ’ਤੇ ਹੋਇਆ ਨਿੱਘਾ ਸਵਾਗਤ, ਦੇਖੋ ਵੀਡੀਓ

ਏਸ਼ਿਆਈ ਖੇਡਾਂ ’ਚ ਮੈਡਲ ਹਾਸਲ ਕਰਨ ਵਾਲੇ ਤੂਰ ਤੇ ਬੈਂਸ ਦਾ ਪਟਿਆਲਾ ਪੁੱਜਣ ’ਤੇ ਹੋਇਆ ਨਿੱਘਾ ਸਵਾਗਤ, ਦੇਖੋ ਵੀਡੀਓ

ਪਟਿਆਲਾ: ਹਾਂਗਜੂ ਵਿਖੇ ਚੱਲ ਰਹੀਆਂ ਏਸ਼ਿਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦੀ ਝੋਲੀ ਮੈਡਲ ਪਾਉਣ ਵਾਲੇ ਤੇਜਿੰਦਰ ਪਾਲ ਸਿੰਘ ਤੂਰ (Tejinder Pal Singh Toor) ਅਤੇ ਹਰਮਿਲਨ ਬੈਂਸ (Harmilan Bains) ਦਾ ਸ਼ਨਿਚਰਵਾਰ ਨੂੰ ਪਟਿਆਲਾ ਪੁੱਜਣ ’ਤੇ ਸੂਬੇ ਦੇ ਖੇਡ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਘਨੌਰ ਦੇ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਐਮ.ਐਲ.ਏ. ਸਨੌਰ ਹਰਮੀਤ ਸਿੰਘ ਪਠਾਣਮਾਜਰਾ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਵੱਡੀ ਗਿਣਤੀ ਖੇਡ ਪ੍ਰਸੰਸਕ ਮੌਜੂਦ ਸਨ।

ਖਿਡਾਰੀ ਤੇਜਿੰਦਰ ਪਾਲ ਸਿੰਘ ਤੂਰ ਅਤੇ ਹਰਮਿਲਨ ਬੈਂਸ ਨੂੰ ਹੋਰਨਾਂ ਖਿਡਾਰੀਆਂ ਅਤੇ ਸਾਰੇ ਨੌਜਵਾਨਾਂ ਲਈ ਪੇ੍ਰਰਣਾ ਸ੍ਰੋਤ ਦੱਸਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੇਸ਼ ਤੇ ਸੂਬੇ ਲਈ ਇਹ ਮਾਣ ਦੀ ਗੱਲ ਹੈ ਕਿ ਇਸ ਵਾਰ ਏਸ਼ਿਆਈ ਖੇਡਾਂ ’ਚ ਦੇਸ਼ ਨੇ ਹੁਣ ਤੱਕ 105 ਮੈਡਲ ਜਿੱਤੇ ਹਨ। ਇਸ ਵਿਚ ਪੰਜਾਬ ਦੇ ਖਿਡਾਰੀਆਂ ਨੇ ਇਤਿਹਾਸ ਸਿਰਜਦਿਆਂ ਪਹਿਲੀ ਵਾਰ ਏਸ਼ਿਆਈ ਖੇਡਾਂ ਵਿੱਚ 8 ਸੋਨ ਤਗਮਿਆਂ ਸਮੇਤ ਕੁਲ 33 ਮੈਡਲ ਜਿੱਤ ਕੇ ਮੈਡਲ ਦੇਸ਼ ਦੀ ਝੋਲੀ ਪਾਏ ਹਨ। ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਜੇਤੂ ਖਿਡਾਰੀਆਂ ਨੂੰ ਪੰਜਾਬ ਦੀ ਖੇਡ ਨੀਤੀ ਅਨੁਸਾਰ ਸੋਨ ਤਗਮਾ ਜੇਤੂ ਖਿਡਾਰੀ ਨੂੰ 1 ਕਰੋੜ ਅਤੇ ਚਾਂਦੀ ਦਾ ਤਗਮਾ ਜੇਤੂ ਨੂੰ 75 ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਅਤੇ ਨੌਕਰੀ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਤੁਹਾਡੀ ਉਪਲਬੱਧੀ ਨਾਲ ਜਿਥੇ ਦੇਸ਼ ਦਾ ਮਾਣ ਵਧਿਆ ਹੈ, ਉਥੇ ਹੀ ਹੋਰਨਾਂ ਨੌਜਵਾਨਾਂ ਨੂੰ ਖੇਡਾਂ ਵਿੱਚ ਆਪਣਾ ਹੁਨਰ ਦਿਖਾਉਣ ਲਈ ਇਹ ਉਪਲਬੱਧੀ ਚਾਨਣ ਮੁਨਾਰੇ ਦਾ ਕੰਮ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਖੇਡ ਵਿਭਾਗ ਨੂੰ ਵੀ ਇਸ ਜਿੱਤ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖੇਡ ਵਿਭਾਗ ਦੇ ਕਾਬਲ ਕੋਚਾਂ ਦੀ ਅਣਥੱਕ ਮਿਹਨਤ ਸੂਬੇ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਸੂਬੇ ਦਾ ਨਾਮ ਚਮਕਾਉਣ ਲਈ ਮਦਦਗਾਰ ਸਾਬਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਮੁੜ ਤੋਂ ਰੰਗਲਾ ਬਣਾਉਣ ਲਈ ਖੇਡ ਸਭਿਆਚਾਰ ਵਿਕਸਤ ਕਰਨਾ ਜ਼ਰੂਰੀ ਹੈ। ਖੇਡ ਮੰਤਰੀ ਨੇ ਤੇਜਿੰਦਰ ਪਾਲ ਸਿੰਘ ਤੂਰ ਅਤੇ ਹਰਮਿਲਨ ਬੈਂਸ ਦੀ ਇਸ ਜਿੱਤ ਲਈ ਵਧਾਈ ਦਿੰਦਿਆਂ ਭਵਿੱਖ ’ਚ ਹੋਰ ਵੀ ਅੱਗੇ ਵਧਣ ਦੀ ਕਾਮਨਾ ਕੀਤੀ ਤੇ ਕਿਹਾ ਕਿ ਉਹ ਬਾਕੀ ਨੌਜਵਾਨਾਂ ਨੂੰ ਵੀ ਖੇਡਾਂ ਨਾਲ ਜੁੜਨ ਲਈ ਪੇ੍ਰਰਤ ਕਰਨ ’ਚ ਆਪਣੀ ਭੂਮਿਕਾ ਨਿਭਾਉਣ। ਇਸ ਮੌਕੇ ਹਰਮਿਲਨ ਦੇ ਮਾਤਾ ਜੀ ਅਰਜੁਨਾ ਐਵਾਰਡੀ ਮਾਧੁਰੀ ਅਮਨਦੀਪ ਸਿੰਘ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਮੇਲ ਸਿੰਘ ਘਰਾਚੋ, ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਤੇ ਓਲੰਪੀਅਨ ਹਰਵੰਤ ਕੌਰ ਵੀ ਮੌਜੂਦ ਸਨ।