ਮਾਪਿਆਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ 67 ਦਿਨਾਂ ਬਾਅਦ ਪੁੱਜੀ ਪੰਜਾਬ, ਦੇੇਖੋ ਵੀਡਿਓ

ਮਾਪਿਆਂ ਦੇ ਇਕਲੌਤੇ ਪੁੱਤ ਦੀ ਮ੍ਰਿਤਕ ਦੇਹ 67 ਦਿਨਾਂ ਬਾਅਦ ਪੁੱਜੀ ਪੰਜਾਬ, ਦੇੇਖੋ ਵੀਡਿਓ

ਫਿਲੌਰ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਯਤਨਾਂ ਨਾਲ ਬੀਤੀ ਰਾਤ ਜਾਰਡਨ ਤੋਂ ਤਲਵਣ ਨੇੜੇ ਫਿਲੌਰ ਪਿੰਡ ਦੇ ਵਿਅਕਤੀ ਅੰਮ੍ਰਿਤਪਾਲ ਸਿੰਘ ਦੀ ਦੇਹ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਪੁੱਜੀ। ਦੇਹ ਲੈਣ ਉਸਦੇ ਪਰਿਵਾਰ ਨਾਲ ਕੈਬਨਿਟ ਮੰਤਰੀ ਧਾਲੀਵਾਲ ਵੀ ਰਾਤ ਕਰੀਬ 2 ਵਜੇ ਹਵਾਈ ਅੱਡੇ ਪੁੱਜੇ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਕਰੀਬ 35 ਸਾਲ ਦਾ ਸੀ, ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਰੋਜ਼ੀ-ਰੋਟੀ ਲਈ ਬੀਤੇ ਸਮੇਂ ਤੋਂ ਜਾਰਡਨ ਵਿੱਚ ਰਹਿ ਰਿਹਾ ਸੀ। ਜਿੱਥੇ 15 ਅਗਸਤ ਨੂੰ ਦਿਲ ਦਾ ਦੌਰਾ ਪੈਣ ਨਾਲ ਉਸ ਦੀ ਮੌਤ ਹੋ ਗਈ ਸੀ।

ਉਸਦੇ ਪਿਤਾ ਦੀ ਮੌਤ ਵੀ ਅੰਮਿ੍ਤਪਾਲ ਸਿੰਘ ਦੇ ਬਚਪਨ ਵਿੱਚ ਹੀ ਹੋ ਗਈ ਸੀ। ਵਿਦੇਸ਼ 'ਚ ਹੋਈ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਜਾਰਡਨ 'ਚ ਕੋਈ ਹੋਰ ਰਿਸ਼ਤੇਦਾਰ ਜਾਂ ਸਬੰਧੀ ਨਾ ਹੋਣ ਕਾਰਨ ਲਾਸ਼ ਲੱਭਣ ਵਿੱਚ ਵੀ ਪਰੇਸ਼ਾਨੀ ਹੋ ਰਹੀ ਸੀ। ਜਿਸਦੇ ਚੱਲਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਕੇ ਆਪਣੀ ਹੱਡ ਬੀਤੀ ਸੁਣਾਈ। ਜਿੰਨਾ ਨੇ ਧਾਲੀਵਾਲ ਦੀ ਡਿਊਟੀ ਅੰਮਿ੍ਤਪਾਲ ਸਿੰਘ ਦੀ ਦੇਹ ਵਾਪਸ ਲਿਆਉਣ ਲਈ ਲਗਾ ਦਿੱਤੀ।

ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਆਪਣੇ ਵਿਭਾਗ ਨਾਲ ਮਿਲ ਕੇ ਜਾਰਡਨ ਸਥਿਤ ਭਾਰਤੀ ਦੂਤਘਰ ਨਾਲ ਲਗਾਤਾਰ ਰਾਬਤਾ ਰੱਖਿਆ ਤਾਂ ਜਾ ਕੇ ਮ੍ਰਿਤਕ ਦੇਹ ਬਾਰੇ ਕੁੱਝ ਪਤਾ ਲੱਗਾ ਤੇ ਹੁਣ 67 ਦਿਨ ਬਾਅਦ ਲਾਸ਼ ਭਾਰਤ ਆ ਸਕੀ। ਉਨ੍ਹਾਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਕਿਹਾ ਕਿ ਨੌਜਵਾਨ ਪੁੱਤਰ ਦੇ ਤੁਰ ਜਾਣ ਦਾ ਵੱਡਾ ਦੁੱਖ ਹੈ, ਤੇ ਪਰਮਾਤਮਾ ਅੱਗੇ ਇਹੋ ਅਰਦਾਸ ਹੈ ਕਿ ਅਜਿਹਾ ਦਿਨ ਕਿਸੇ ਮਾਂ ਪਿਓ ਨੂੰ ਵੇਖਣ ਨੂੰ ਨਾ ਮਿਲੇ।