ਪੰਜਾਬ : ਫ਼ੌਜ 'ਚ ਭਰਤੀ ਲਈ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ

ਪੰਜਾਬ : ਫ਼ੌਜ 'ਚ ਭਰਤੀ ਲਈ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ

ਫਿਰੋਜ਼ਪੁਰ : ਸਰਹੱਦੀ ਖੇਤਰ ਦੇ ਨੌਜਵਾਨਾਂ ਵਿੱਚ ਫੌਜ ਅਤੇ ਕੇਂਦਰੀ ਹਥਿਆਰਬੰਦ ਸੈਨਾਵਾਂ ਵਿੱਚ ਭਰਤੀ ਪ੍ਰਤੀ ਵੱਧਦੇ ਰੁਝਾਨ ਨੂੰ ਦੇਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿਚ ਬੀ.ਐਸ.ਐਫ. 136 ਬਟਾਲੀਅਨ ਦੇ ਸੀ.ਈ.ਓ. ਡਾ. ਐਸ ਸੋਨਕਰ ਦੇ ਸਹਿਯੋਗ ਨਾਲ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਸਕੂਲ ਦੇ ਐਨ.ਸੀ.ਸੀ. ਯੂਨਿਟ ਵੱਲੋਂ ਵਿਸ਼ੇਸ਼ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿਚ ਹੂਸੈਨੀਵਾਲਾ ਚੈਕ ਪੋਸਟ ਦੇ ਕੰਪਨੀ ਕਮਾਂਡੈਟ ਬੰਸੀ ਲਾਲ ਜਾਟ ਅਤੇ ਮਨੀਸ਼ ਕੁਮਾਰ ਇੰਸਪੈਕਟਰ ਨੇ ਵਿਦਿਆਰਥੀਆਂ ਨਾਲ ਫੌਜ ਵਿੱਚ ਭਰਤੀ ਤੋਂ ਇਲਾਵਾ ਕੇਂਦਰੀ ਹਥਿਆਰਬੰਦ ਸੈਨਾਵਾਂ ਜਿਸ ਵਿਚ ਬਾਰਡਰ ਸਕਿਉਰਟੀ ਫੋਰਸਿਜ, ਇੰਡੋ-ਤਿੱਬਤੀਅਨ ਫੋਰਸ, ਸੈਂਟਰਲ ਇੰਡਸਟਰੀ ਸਕਿਉਰਟੀ ਫੋਰਸ, ਨੈਸ਼ਨਲ ਸਕਿਉਰਟੀ ਗਾਰਡ, ਅਸਮ ਰਾਈਫ਼ਲ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵਿੱਚ ਭਰਤੀ ਹੋਣ ਸਬੰਧੀ ਵੱਡਮੁੱਲੀ ਜਾਣਕਾਰੀ ਦਿੰਦਿਆਂ ਭਰਤੀ ਦੀ ਯੋਗਤਾ, ਨਿਯਮ ਅਤੇ ਸਰੀਰਕ ਯੋਗਤਾ ਸਬੰਧੀ ਵਿਸਥਾਰ ਸਹਿਤ ਦੱਸਿਆ ਗਿਆ। ਇਸ ਤੋਂ ਇਲਾਵਾ ਸਕੂਲ ਵਿਦਿਆਰਥੀਆਂ ਦੀਆ ਭਰਤੀ ਸਬੰਧੀ ਪਾਈਆਂ ਜਾਂਦੀਆਂ ਸ਼ੰਕਾਵਾਂ ਨੂੰ ਦੂਰ ਕਰਦਿਆਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਸੁਚੱਜੇ ਢੰਗ ਨਾਲ ਦਿੱਤੇ।

ਸਰਹੱਦੀ ਖੇਤਰ ਦੀਆਂ ਲੜਕੀਆਂ ਨੂੰ ਅੱਗੇ ਵੱਧ ਕੇ ਕਾਮਯਾਬ ਹੋਣ ਦੀ ਪ੍ਰੇਰਨਾ ਦਿੰਦਿਆਂ ਬੀ.ਐੱਸ.ਐੱਫ. ਦੀਆਂ ਮਹਿਲਾ ਕਾਂਸਟੇਬਲ ਪੱਲਵੀ, ਅਸਮਿਤਾ, ਸੋਮਿਆਂ ਰਾਣੀ ਅਤੇ ਰਜਨੀ ਦੇਵੀ ਨੇ 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨਾਲ ਆਪਣੇ ਫੌਜ ਦੇ ਤਜਰਬੇ ਸਾਂਝੇ ਕਰਦਿਆਂ ਸਰਹੱਦੀ ਖੇਤਰ ਦੀਆਂ ਲੜਕੀਆਂ ਵਿੱਚ ਖੂਬ ਜੋਸ਼ ਭਰਿਆ ਅਤੇ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਜ਼ਰੂਰਤ ਅਨੁਸਾਰ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ ਪ੍ਰਗਟਾਇਆ। ਮਹਿਲਾ ਕਾਂਸਟੇਬਲਾਂ ਨਾਲ ਰੂ-ਬ-ਰੂ ਕਰਨ ਦਾ ਇਹ ਉਪਰਾਲਾ ਵਿਦਿਆਰਥਣਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਇਆ।
 
ਸਕੂਲ ਦੇ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਬੀ.ਐਸ.ਐਫ. ਦੀ 136 ਬਟਾਲੀਅਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੇ ਸਹਿਯੋਗ ਨਾਲ ਸਕੂਲ ਵਿਚ ਵਿਦਿਆਰਥੀਆਂ ਦੀ ਭਲਾਈ ਲਈ ਅਨੇਕਾਂ ਪ੍ਰੋਜੈਕਟ ਸਫਲਤਾ ਪੂਰਵਕ ਨੇਪਰੇ ਚੜੇ ਹਨ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਵੱਲੋਂ ਅਜਿਹੇ ਸਮਾਗਮ ਵਿੱਚ ਦਿੱਤੀ ਜਾਣਕਾਰੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਵਿਦਿਆਰਥੀ ਵਰਗ ਲਈ ਵਰਦਾਨ ਸਾਬਿਤ ਹੋਵੇਗੀ। ਉਨ੍ਹਾਂ ਆਪਣੇ ਸੰਬੋਧਨ ਵਿਚ ਬੀ.ਐਸ.ਐਫ. ਦੀਆਂ ਮਹਿਲਾ ਕਰਮਚਾਰੀਆਂ ਵੱਲੋਂ ਜੋਸ਼ ਅਤੇ ਤਨਦੇਹੀ ਨਾਲ ਦੇਸ਼ ਦੀ ਸੁਰੱਖਿਆ ਲਈ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।

ਇਸ ਮੌਕੇ ਬੀ.ਐਸ.ਐਫ. ਦੇ ਇੰਸਪੈਕਟਰ ਕੁਲਦੀਪ ਸਿੰਘ, ਇੰਸਪੈਕਟਰ ਸੀ ਬਾਰਦੇਵਾ ਅਤੇ ਕੈਲਾਸ਼ ਭਾਂਗੇ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਐਨ.ਸੀ.ਸੀ. ਇੰਚਾਰਜ ਪ੍ਰਿਤਪਾਲ ਸਿੰਘ ਸਟੇਟ ਐਵਾਰਡੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਸਕੂਲ ਅਧਿਆਪਕ ਗੁਰਪ੍ਰੀਤ ਕੌਰ, ਗਾਇਡੈੰਸ ਕਾਉੰਸਲਰ ਅਮਰਜੀਤ ਕੌਰ, ਸੰਦੀਪ ਕੁਮਾਰ, ਮਨਦੀਪ ਸਿੰਘ ਵਿਸ਼ਾਲ ਗੁਪਤਾ, ਅਰੁਣ ਕੁਮਾਰ, ਗੀਤਾ, ਦਵਿੰਦਰ ਕੁਮਾਰ ਅਤੇ ਜਸਪਾਲ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।