ਪੰਜਾਬ: ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਲੋਕ ਰਹਿਣ ਚੌਕਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਸਹਿਯੋਗ, ਦੇਖੋ ਵੀਡੀਓ

ਪੰਜਾਬ: ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ ਦੇ ਲੋਕ ਰਹਿਣ ਚੌਕਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਸਹਿਯੋਗ, ਦੇਖੋ ਵੀਡੀਓ

ਫਿਰੋਜ਼ਪੁਰ: ਭਾਰੀ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਜ਼ਿਆਦਾ ਆਉਣ ਨਾਲ ਦਰਿਆ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਪਾਣੀ ਦੀ ਨਿਰਵਿਘਨ ਨਿਕਾਸੀ ਦੇ ਮੱਦੇਨਜ਼ਰ ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਅਤੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਹਰੀਕੇ ਹੈੱਡ ਵਰਕਸ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਕੇ ਮੌਜੂਦਾ ਸਥਿਤੀ ਅਤੇ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਸ. ਭੁਪਿੰਦਰ ਸਿੰਘ ਸਿੱਧੂ ਤੋਂ ਇਲਾਵਾ ਡਰੇਨੇਜ਼ ਵਿਭਾਗ, ਮਾਲ ਵਿਭਾਗ, ਖੇਤੀਬਾੜੀ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

ਵਿਧਾਇਕ ਜ਼ੀਰਾ ਨਰੇਸ਼ ਕਟਾਰੀਆ ਨੇ ਕਿਹਾ ਕਿ ਇਲਾਕੇ ਵਿੱਚ ਪਾਣੀ ਆਉਣ ਨਾਲ ਫਸਲਾਂ ਦਾ ਖਰਾਬਾ ਹੋਣਾ ਕੁਦਰਤੀ ਕਰੋਪੀ ਹੈ ਅਤੇ ਇਸ ਕਰੋਪੀ ਨੂੰ ਰੋਕਣ ਲਈ ਹਲਕਾ ਵਾਸੀਆਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਖਿਆ ਗਿਆ ਹੈ ਕਈ ਥਾਵਾਂ ਤੇ ਕਿਸਾਨਾਂ ਵੱਲੋਂ ਆਪਣੇ ਪੱਧਰ ਤੇ ਪੁਲੀਆਂ ਬੰਦ ਕੀਤੀਆਂ ਹਨ। ਜਿਸ ਕਰਕੇ ਪਾਣੀ ਦੀ ਮਾਰ ਜ਼ਿਆਦਾ ਹੋ ਰਹੀ ਹੈ ਉਹ ਹੁਣ ਖੁਲਵਾਈਆਂ ਗਈਆਂ ਹਨ ਅਤੇ ਪਾਣੀ ਦਾ ਲਗਾਤਾਰ ਨਿਕਾਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਆਪ ਵੀ ਸੁਚੇਤ ਰਹਿਣ ਅਤੇ ਜੇਕਰ ਕਿਤੇ ਪਾਣੀ ਦੇ ਵੱਧ ਵਹਾਅ ਜਾਂ ਪਾੜ ਦੀ ਘਟਨਾ ਉਨ੍ਹਾਂ ਨੂੰ ਪਤਾ ਲੱਗਦੀ ਹੈ ਤਾਂ ਉਹ ਤੁਰੰਤ ਉਸ ਸਬੰਧੀ ਕੰਟਰੋਲ ਰੂਮ ਦੇ ਨੰਬਰ ਜਾਂ ਉਨ੍ਹਾਂ ਨੂੰ ਫੋਨ ਕਰਕੇ ਜਾਣਕਾਰੀ ਦੇਣ ਤਾਂ ਜੋ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੀ ਕੇ ਹੈਡ ਵਰਕਸ ਤੋਂ ਦਰਿਆ ਸਤਲੁਜ ਵਿੱਚ 57 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ ਅਤੇ ਹੁਸੈਨੀਵਾਲਾ ਹੈਡ ਵਰਕਸ ਤੋਂ ਅੱਗੇ 55 ਹਜ਼ਾਰ ਕਿਉਸਿਕ ਪਾਣੀ ਛੱਡਿਆ ਗਿਆ ਹੈ। ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਜ਼ਿਲ੍ਹੇ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਵਿੱਚ ਹੈ ਅਤੇ ਦਰਿਆ ਦੇ ਪਾਣੀ ਦੀ ਨਿਕਾਸੀ ਬਿਨਾਂ ਰੁਕਾਵਟ ਲਗਾਤਾਰ ਹੋ ਰਹੀ ਹੈ। ਉਨ੍ਹਾਂ ਦਰਿਆ ਸਤਲੁਜ ਦੇ ਨਾਲ ਲੱਗਦੇ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਅਤੇ ਮਾਲ ਡੰਗਰ ਸਮੇਤ ਸੁਰੱਖਿਅਤ ਥਾਂ ਤੇ ਆ ਕੇ ਰਹਿਣ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਉਨ੍ਹਾਂ ਦੀ ਜਾਨ ਮਾਲ ਦੀ ਰਾਖੀ ਲਈ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।