ਪੰਜਾਬ : ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ 'ਵਾਤਾਵਰਨ ਦੇ ਰਾਖੇ' ਵਜੋਂ ਕੀਤਾ ਸਨਮਾਨਿਤ, ਦੇਖੋ ਵੀਡਿਓ

ਪੰਜਾਬ : ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ 'ਵਾਤਾਵਰਨ ਦੇ ਰਾਖੇ' ਵਜੋਂ ਕੀਤਾ ਸਨਮਾਨਿਤ, ਦੇਖੋ ਵੀਡਿਓ

ਗੁਰਦਾਸਪੁਰ :  ਝੋਨੇ ਦੀ ਕਟਾਈ ਦੇ ਸਮੇ ਪੰਜਾਬ ਦੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਵਲੋਂ ਇਕ ਵਿਸ਼ੇਸ ਮੁਹਿੰਮ ਚਲਾ ਕਿਸਾਨਾਂ ਨੂੰ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ ਅਤੇ ਇਸੇ ਮੁਹਿੰਮ ਤਹਿਤ ਜ਼ਿਲਾ ਗੁਰਦਾਸਪੁਰ ਚ ਬਹੁਤ ਵੱਡੀ ਗਿਣਤੀ 'ਚ ਕਿਸਾਨ ਐਸੇ ਸਨ, ਜਿਨ੍ਹਾਂ ਵਲੋਂ ਆਪਣੇ ਖੇਤਾਂ 'ਚ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ। ਅੱਜ ਉਹਨਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਅਤੇ ਡੀ.ਸੀ. ਗੁਰਦਾਸਪੁਰ ਤੇ ਐਮ.ਐਲ.ਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਲੋਂ ਇਕ ਵਿਸ਼ੇਸ ਸਮਾਗਮ ਕਰਵਾ ਕੇ ਸਨਮਾਨਿਤ ਕੀਤਾ ਗਿਆ |

ਉਥੇ ਹੀ ਖੇਤੀਬਾੜੀ ਵਿਭਾਗ ਦੇ ਅਧਕਾਰੀਆਂ ਅਤੇ ਐਮ.ਐਲ.ਏ. ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਦੱਸਿਆ ਕਿ ਜਿਸ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਅਤੇ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਗਈ, ਉਹਨਾਂ ਸਭ ਕਿਸਾਨ ਭਰਾਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਾਤਾਵਰਨ ਦੇ ਰਾਖੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਜਿਸ ਵੀ ਕਿਸਾਨ ਨੂੰ ਇਸ ਵਾਤਾਵਰਨ ਦੇ ਰਾਖੇ ਐਵਾਰਡ ਦਾ ਸਰਟੀਫਿਕੇਟ ਮਿਲਿਆ ਹੈ ਉਸਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਬੰਧਤ ਸਰਕਾਰੀ ਦਫ਼ਤਰਾਂ ਵਿੱਚ ਕੋਈ ਕੰਮ ਪੈਂਦਾ ਜਾਂ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਸਦਾ ਕੰਮ ਨਿਯਮਾਂ ਅਨੁਸਾਰ ਪਹਿਲ ਦੇ ਅਧਾਰ ’ਤੇ ਕੀਤਾ ਜਾਵੇ। ਉਥੇ ਹੀ ਅਧਕਾਰੀਆਂ ਦਾ ਕਹਿਣਾ ਸੀ ਜਿਥੇ ਇਸ ਸਾਲ ਜ਼ਿਲ੍ਹੇ ਭਰ ਚ ਮਹਿਜ਼ 389 ਪਰਾਲੀ ਨੂੰ ਅੱਗ ਲੱਗਣ ਦੇ ਕੇਸ ਸਾਮਣੇ ਆਏ ਹਨ ਜਦਕਿ ਪਿਛਲੇ ਸੀਜਨ ਇਹ ਗਿਣਤੀ 900 ਦੇ ਕਰੀਬ ਸੀ ਅਤੇ ਉਹਨਾਂ ਦਾ ਟੀਚਾ ਹੈ ਕਿ ਆਉਣ ਵਾਲੇ ਸਾਲ ਚ ਇਹ 389 ਦੀ ਗਿਣਤੀ ਨੂੰ ਜ਼ੀਰੋ ਤੇ ਲਿਆਂਦਾ ਜਾਵੇ। ਉਥੇ ਹੀ ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਫਸਲੀ ਰਹਿੰਦ-ਖੂੰਹਦ ਨੂੰ ਅੱਗ ਬਿਲਕੁਲ ਨਾ ਲਗਾਉਣ ਕਿਉਂਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੇ ਪੋਸ਼ਟਿਕ ਤੱਤ ਨਸ਼ਟ ਹੁੰਦੇ ਹਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ ਇਸ ਨਾਲ ਸਾਹ ਦੀਆਂ ਕਈ ਭਿਆਨਿਕ ਬਿਮਾਰੀਆਂ ਵੀ ਫੈਲਦੀਆਂ ਹਨ।