ਪੰਜਾਬ : ਸਕੂਲ ਜਾ ਰਹੇ 4 ਸਾਲਾਂ ਬੱਚੇ ਦੀ ਸੜਕ ਹਾਦਸੇ 'ਚ ਮੌਤ, ਦੇਖੋ ਵੀਡਿਓ

ਪੰਜਾਬ : ਸਕੂਲ ਜਾ ਰਹੇ 4 ਸਾਲਾਂ ਬੱਚੇ ਦੀ ਸੜਕ ਹਾਦਸੇ 'ਚ ਮੌਤ,  ਦੇਖੋ ਵੀਡਿਓ

ਗੁਰਦਾਸਪੁਰ : ਸਥਾਨਕ ਕਸਬੇ ਦੇ ਇੱਕ ਨਿੱਜੀ ਸਕੂਲ ਵਿੱਚ ਪੜਦੇ ਚਾਰ ਸਾਲਾ ਬੱਚੇ ਦੀ ਆਪਣੇ ਘਰ ਤੋਂ ਸਕੂਲ ਜਾਣ ਵਾਲੇ ਟੈਂਪੂ ਹੇਠ ਆ ਕੇ ਹੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਜਾਣਕਾਰੀ ਅਨੁਸਾਰ ਮਰਹੂਮ ਰਿਚਰਡ ਮਸੀਹ ਪੁੱਤਰ ਰਾਜੂ ਮਸੀਹ ਪਿੰਡ ਤਲਵੰਡੀ ਦਾ ਰਹਿਣ ਵਾਲਾ ਸੀ। ਉਹ ਰੋਜਾਨਾ ਉਸ ਦੇ ਪਿੰਡ ਤੋਂ ਕਾਹਨੂੰਵਾਨ ਦੇ ਸਕੂਲ ਵਿੱਚ ਐੱਲ.ਕੇ.ਜੀ ਕਲਾਸ ਲਈ ਇੱਕ ਨਿੱਜੀ ਟੈਂਪੂ ਵਿੱਚ ਸਕੂਲ ਵਿੱਚ ਪੜ੍ਹਨ ਲਈ ਆਉਂਦਾ ਸੀ। ਬੀਤੇ ਦਿਨ ਜਦੋਂ ਇਹ ਵਿਦਿਆਰਥੀ ਸਵੇਰ ਸਮੇਂ ਟੈਂਪੂ ਵਿੱਚ ਸਵਾਰ ਹੋ ਕੇ ਸਕੂਲ ਲਈ ਚਲਿਆ ਤਾਂ ਘਰ ਤੋਂ ਕੁਝ ਦੂਰੀ ਤੇ ਹੀ ਇਹ ਟੈਂਪੂ ਸੜਕ ਤੇ ਹਾਦਸਾ ਗ੍ਰਸਤ ਹੋ ਗਿਆ। ਜਿਸ ਕਾਰਨ ਰਿਚਰਡ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਹ ਜ਼ਖਮਾਂ ਦੀ ਤਾਬ ਨਾਂ ਝੱਲਦਾ ਹੋਇਆ ਆਪਣੇ ਸੁਆਸ ਤਿਆਗ ਗਿਆ।

ਇਸ ਘਟਨਾ ਬਾਰੇ ਸਕੂਲ ਅਤੇ ਮਰਹੂਮ ਬੱਚੇ ਦੇ ਮਾਪਿਆਂ ਵੱਲੋਂ ਪ੍ਰਸ਼ਾਸ਼ਨ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਪਰ ਜਦੋਂ ਇਸ ਦੀ ਸੂਚਨਾ ਜਿਲਾ ਚਾਇਲਡ ਪ੍ਰੋਟੈਕਸ਼ਨ ਵਿਭਾਗ ਨੂੰ ਮਿਲੀ ਤਾਂ ਉਹਨਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਗਠਿਤ ਕੀਤੀ ਅਤੇ ਸਕੂਲ ਵਿਖੇ ਪਹੁੰਚ ਕੇ ਇਸ ਘਟਨਾ ਬਾਰੇ ਬਰੀਕੀ ਨਾਲ ਜਾਂਚ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚਾਈਲਡ ਪ੍ਰੋਜੈਕਟ ਅਫਸਰ ਸੁਨੀਲ ਜੋਸ਼ੀ ਟਰੈਫਿਕ ਅਧਿਕਾਰੀ ਅਜੇ ਕੁਮਾਰ ਅਤੇ ਟਰਾਂਸਪੋਰਟ ਵਿਭਾਗ ਦੇ ਨੁਮਾਇੰਦੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦਾ ਡਿਪਟੀ ਕਮਿਸ਼ਨ ਗੁਰਦਾਸਪੁਰ ਨੇ ਗੰਭੀਰਤਾ ਨਾਲ ਨੋਟਿਸ ਲਿਆ ਸੀ। ਇਸ ਲਈ ਉਹਨਾਂ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਅਤੇ ਜ਼ਿਲਾ ਟਰੈਫਿਕ ਪੁਲਿਸ ਵੱਲੋਂ ਨਿਯਤ ਕੀਤੇ ਅਧਿਕਾਰੀ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਹੈ।

ਉਹਨਾਂ ਕਿਹਾ ਕਿ ਸਕੂਲ ਵੱਲੋਂ ਹਾਈਕੋਰਟ ਵੱਲੋਂ ਜਾਰੀ ਕੀਤੀ ਸੇਫ ਸਕੂਲ ਵਾਹਨ ਪੋਲਸੀ ਦਾ ਪਾਲਣ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਇਸ ਮਾਮਲੇ ਦੇ ਤੱਥ ਇਕੱਠੇ ਕੀਤੇ ਜਾ ਰਹੇ ਹਨ ਅਤੇ ਇਹ ਪੜਤਾਲੀਆ ਤੱਥ ਜਿਲ੍ਹਾ ਪ੍ਰਸ਼ਾਸਨ ਅਤੇ ਮਾਨਯੋਗ ਹਾਈਕੋਰਟ ਨੂੰ ਭੇਜੇ ਜਾਣਗੇ। ਉਨ੍ਹਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਸਕੂਲ ਪ੍ਰਬੰਧਕ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸੰਬੰਧੀ ਜਦੋਂ ਸਕੂਲ ਪ੍ਰਿੰਸੀਪਲ ਮੈਡਮ ਸੈਲਵਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਸਕੂਲ ਵਿਚ ਵਿਦਿਆਰਥੀ ਭੇਜਣੇ ਅਤੇ ਵਾਪਸ ਲਿਜਾਉਣੇ ਮਾਪਿਆਂ ਦੀ ਡਿਊਟੀ ਹੈ। ਸਕੂਲ ਦੀ ਕੋਈ ਵੀ ਟਰਾਂਸਪੋਰਟ ਨਹੀਂ ਹੈ। ਸਕੂਲ ਤੋਂ ਬਾਹਰ ਸੜਕ ਉੱਤੇ ਵਾਪਰਨ ਵਾਲੀਆਂ ਘਟਨਾਵਾਂ ਲਈ ਵਾਹਨ ਚਾਲਕ ਅਤੇ ਇਹਨਾਂ ਵਾਹਨਾਂ ਦਾ ਪ੍ਰਬੰਧ ਕਰਨ ਵਾਲੇ ਲੋਕ ਜ਼ਿੰਮੇਵਾਰ ਹਨ।