ਪੰਜਾਬ : ਸਰਕਾਰੀ ਅਧਿਕਾਰੀਆਂ ਨੇ ਛੁਡਵਾਇਆ 8 ਕਨਾਲ ਜ਼ਮੀਨ ਦਾ ਕਬਜਾ, ਦੇਖੋ ਵੀਡਿਓ

ਪੰਜਾਬ : ਸਰਕਾਰੀ ਅਧਿਕਾਰੀਆਂ ਨੇ ਛੁਡਵਾਇਆ 8 ਕਨਾਲ ਜ਼ਮੀਨ ਦਾ ਕਬਜਾ, ਦੇਖੋ ਵੀਡਿਓ

ਬਟਾਲਾ : ਕਈ ਸਾਲਾਂ ਤੋ ਪੰਜਾਬ ਵਕਫ਼ ਬੋਰਡ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਜਮਾਈ ਬੈਠੇ ਲੋਕਾਂ ਤੇ ਪੰਜਾਬ ਵਕਫ਼ ਬੋਰਡ ਦੇ ਕਾਨੂੰਨ ਅਨੁਸਾਰ ਜ਼ਮੀਨਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਐਡਮਨਿਸਟ੍ਰੇਟਰ ਪੰਜਾਬ ਵਕਫ਼ ਬੋਰਡ ਐੱਮ. ਐੱਫ਼. ਫਾਰੂਕੀ ਦੀ ਯੋਗ ਅਗਵਾਈ ਵਿਚ ਪੰਜਾਬ ਵਕਫ ਬੋਰਡ ਦੀਆਂ ਬੇਸ਼ਕੀਮਤੀ ਜ਼ਮੀਨਾਂ ਨੂੰ ਖਾਲੀ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਹਨ। ਇਸੇ ਕੜੀ ਤਹਿਤ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਰਹੀਮਾਬਾਦ ਵਿੱਚ 8 ਕਨਾਲ ਜ਼ਮੀਨ ਦਾ ਕਬਜ਼ਾ ਪੰਜਾਬ ਵਕਫ ਬੋਰਡ ਨੇ ਹਾਸਲ ਕੀਤਾ ਹੈ। 

ਕਸਬਾ ਕਲਾਨੌਰ ਅਧੀਨ ਵੱਸਦੇ ਮੁਸਲਮਾਨ ਭਾਈਚਾਰੇ ਦੇ ਆਗੂ ਹਬੀਬ ਆਲਮ ਤੇ ਉਨ੍ਹਾਂ ਦੇ ਹੋਰਨਾਂ ਸਾਥੀਆਂ ਹਾਜੀ ਅਬਦੁੱਲ ਕਰੀਮ, ਨਈਅਰ ਆਲਮ, ਰਹਿਮਤ ਅਲੀ ਮੁਸੀਬਤ ਅਲੀ, ਯੂਸਫ਼ ਦੀਨ, ਜਾਹਿਦ ਠੇਕੇਦਾਰ ਨੇ ਮੁਸਲਮਾਨ ਸਮਾਜ ਲਈ ਸਾਲ 2017 - 18 ਵਿੱਚ ਪਿੰਡ ਰਹੀਮਾਬਾਦ ਦੀ ਜ਼ਮੀਨ ਵਿੱਚ ਕਬਰਿਸਤਾਨ ਦੀ ਜਗ੍ਹਾ ਲੈਣ ਲਈ ਕਬਜ਼ਾਧਾਰਕਾਂ ਖ਼ਿਲਾਫ਼ ਪੰਜਾਬ ਵਕਫ਼ ਬੋਰਡ ਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਅਪੀਲ ਦਾਇਰ ਕੀਤੀ ਸੀ। ਜਿਸ ਨੂੰ ਦੇਖਦੇ ਹੋਏ ਪੰਜਾਬ ਵਕਫ਼ ਬੋਰਡ ਵੱਲੋਂ ਮੁਸਲਮਾਨ ਭਾਈਚਾਰੇ ਨੂੰ ਰਹੀਮਾਬਾਦ ਦੇ ਕਬਰਿਸਤਾਨ ਦੀ ਜ਼ਮੀਨ ਲੈਣ ਲਈ ਹੁਕਮ ਜਾਰੀ ਕੀਤੇ ਗਏ। ਗੱਲਬਾਤ ਰਾਹੀਂ ਹਾਜੀ ਅਬਦੁੱਲ ਕਰੀਮ, ਰਹਿਮਤ ਅਲੀ, ਮੁਸੀਬਤ ਅਲੀ, ਹਬੀਬ ਆਲਮ ਤੇ ਹੋਰਨਾਂ ਨੇ ਦੱਸਿਆ ਕਿ 1947 ਵੇਲੇ ਹਿੰਦ-ਪਾਕਿਸਤਾਨ ਬਟਵਾਰੇ ਤੋਂ ਬਾਅਦ ਮੁਰਦੇ ਦਫ਼ਨਾਉਣ ਲਈ ਉਨ੍ਹਾਂ ਕੋਲ ਕਬਰਿਸਤਾਨ ਦੀ ਜਗ੍ਹਾ ਨਹੀਂ ਸੀ ਜਿਸ ਕਰਕੇ ਉਨ੍ਹਾਂ ਨੂੰ ਦੂਰ ਦੁਰਾਡੇ ਜਾਣਾ ਪੈਂਦਾ ਸੀ। ਪ੍ਰੰਤੂ ਹੁਣ ਵਕਫ਼ ਬੋਰਡ ਵੱਲੋਂ ਗੁੱਜਰ ਮੁਸਲਮਾਨਾਂ ਨੂੰ ਇਹ ਜਮੀਨ ਰਿਜ਼ਰਵ ਕਰਕੇ ਦਿੱਤੀ ਗਈ ਹੈ।

ਵਕਫ ਬੋਰਡ ਦੇ ਅਧਿਕਾਰੀ ਨੇ ਕਿਹਾ ਪੰਜਾਬ ਵਕਫ਼ ਬੋਰਡ ਦੇ ਐਡਮਨਿਸਟ੍ਰੇਟਰ ਏ. ਡੀ. ਜੀ. ਪੀ. ਐੱਮ. ਐੱਫ਼. ਫਾਰੂਕੀ (ਆਈ. ਪੀ. ਐੱਸ.) ਦੀ ਯੋਗ ਅਗਵਾਈ ਹੇਠ ਪੰਜਾਬ ਵਕਫ਼ ਬੋਰਡ ਦੀਆਂ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵਕਫ ਬੋਰਡ ਦੀਆਂ ਜ਼ਮੀਨਾਂ ਨੂੰ ਕਬਜ਼ਾ ਮੁਕਤ ਕਰਵਾ ਕੇ ਰੈਵੇਨਿਊ ਵਧਾਉਣਾ ਹੀ ਸਾਡਾ ਮੁੱਖ ਟੀਚਾ ਹੈ। ਜਿਹੜੇ ਲੋਕਾਂ ਨੇ ਵਕਫ਼ ਬੋਰਡ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਨ੍ਹਾਂ ਕੋਲੋਂ ਜ਼ਮੀਨਾਂ ਕਾਨੂੰਨੀ ਤੌਰ ’ਤੇ ਖਾਲੀ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਾਂ ਉਨ੍ਹਾਂ ਨੂੰ ਪੱਟੇਦਾਰ ਬਣਾ ਕੇ ਵਕਫ ਬੋਰਡ ਦਾ ਰੈਵੇਨਿਊ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵਕਫ਼ ਬੋਰਡ ਵੱਲੋਂ ਲੋਕਾਂ ਦੇ ਬਿਹਤਰੀਨ ਦੇ ਕੰਮ ਕੀਤੇ ਜਾ ਰਹੇ ਹਨ ਤਾਂ ਕਿ ਬੋਰਡ ਨਾਲ ਜੁੜੇ ਲੋਕਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇ ਅਤੇ ਪੰਜਾਬ ਵਕਫ਼ ਬੋਰਡ ਦੀ ਕਾਰਜਪ੍ਰਣਾਲੀ ਨੂੰ ਪਾਰਦਰਸ਼ੀ ਬਣਾਇਆ ਜਾਵੇ।