ਪੰਜਾਬ : ਪੁਲਿਸ ਨੇ ਨਵੇਂ ਸਾਲ ਦੇ ਮੌਕੇ 'ਤੇ ਸੁਰੱਖਿਆ ਦੇ ਕੀਤੇ ਖਾਸ ਪ੍ਰਬੰਧ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਨਵੇਂ ਸਾਲ ਦੇ ਮੌਕੇ 'ਤੇ ਸੁਰੱਖਿਆ ਦੇ ਕੀਤੇ ਖਾਸ ਪ੍ਰਬੰਧ, ਦੇਖੋ ਵੀਡਿਓ

ਗੁਰਦਾਸਪੁਰ : ਨਵੇਂ ਸਾਲ ਦੀ ਆਮਦ 'ਤੇ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਫਲੈਗ ਮਾਰਚ ਕੱਢਿਆ ਗਿਆ। ਜੋ ਪੁਲਿਸ ਲਾਈਨ ਤੋਂ ਸ਼ੁਰੂ ਹੋ ਕੇ ਡਾਕਖਾਨਾ ਚੌਂਕ, ਲਾਇਬ੍ਰੇਰੀ ਚੌਂਕ ਤੋਂ ਹੁੰਦਾ ਹੋਇਆ ਕਾਹਨੂੰਵਾਨ ਚੌਂਕ ਵਿਖੇ ਸਮਾਪਤ ਹੋਇਆ। ਫਲੈਗ ਮਾਰਚ ਵਿੱਚ ਟ੍ਰੈਫਿਕ ਪੁਲਿਸ, ਮਹਿਲਾ ਪੁਲਿਸ ਮੁਲਾਜ਼ਮ ਅਤੇ ਸਪੈਸ਼ਲ ਟਾਸਕ ਫੋਰਸ ਦੇ ਜਵਾਨ ਵੀ ਸ਼ਾਮਿਲ ਸਨ। ਐਸਐਸਪੀ ਗੁਰਦਾਸਪੁਰ ਨੇ ਦੱਸਿਆ ਕਿ ਨਵੇਂ ਸਾਲ ਨੂੰ ਲੈ ਕੇ ਗੁਰਦਾਸਪੁਰ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਭਗੌੜੇ ਅਤੇ ਅਪਰਾਧਿਕ ਰਿਕਾਰਡ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਲੋੜੀਂਦੇ ਵਿਅਕਤੀਆਂ ਨੂੰ ਵੀ ਟਰੇਸ ਕਰਕੇ ਫੜਿਆ ਜਾ ਰਿਹਾ ਹੈ।

ਤਾਂ ਜੋ ਉਹ ਨਵੇਂ ਸਾਲ 'ਤੇ ਕੋਈ ਅਪਰਾਧ ਨਾ ਕਰ ਸਕਣ। ਉਨ੍ਹਾਂ ਦੱਸਿਆ ਕਿ ਹੋਟਲਾਂ 'ਚ ਜਿੱਥੇ ਜਿੱਥੇ ਨਵੇਂ ਸਾਲ ਦੇ ਜਸ਼ਨਾਂ ਦੇ ਪ੍ਰੋਗਰਾਮ ਹੋਣੇ ਹਨ। ਉਥੇ ਉਥੇ ਰਾਤ ਸਮੇਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਗੁਰਦਾਸਪੁਰ ਬਾਈਪਾਸ 'ਤੇ ਵੀ ਹਾਈਟੈਕ ਚੌਕੀ ਲਗਾਈ ਗਈ ਹੈ। ਜੋ 24 ਘੰਟੇ ਵਾਹਨਾਂ ਦੀ ਚੈਕਿੰਗ ਕਰੇਗੀ। ਧੁੰਧ ਨੂੰ ਧਿਆਨ 'ਚ ਰੱਖਦਿਆਂ ਸਰਹੱਦੀ ਖੇਤਰ 'ਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਤਾਂ ਜੋ ਕੋਈ ਅਪਰਾਧੀ ਕਿਸੇ ਵੀ ਵੱਡੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੁਲਿਸ ਦਾ ਸਹਿਯੋਗ ਕਰਨ ਅਤੇ ਨਵੇਂ ਸਾਲ ਮੌਕੇ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਨਾ ਕਰਨ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।