ਪੰਜਾਬ : ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਮਨਜੀਤ ਸਿੰਘ ਨੇ ਕਸੇ ਤੰਜ, ਦੇਖੋ ਵੀਡਿਓ

ਪੰਜਾਬ : ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਮਨਜੀਤ ਸਿੰਘ ਨੇ ਕਸੇ ਤੰਜ, ਦੇਖੋ ਵੀਡਿਓ

ਅੰਮ੍ਰਿਤਸਰ :  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਪਰਮਜੀਤ ਸਿੰਘ ਸਰਨਾ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਪਰ ਲਗਾਏ ਗਏ ਦੋਸ਼ਾਂ ਨੂੰ ਮੂਲੋਂ ਮੁੱਢੋ ਰੱਦ ਕਰਦਿਆਂ ਸਰਨੇ ਭਰਾਵਾਂ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਹੋਣ ਵਾਲੀ ਚੋਣ ਵਿੱਚ ਅਹੁਦਾ ਹਾਸਲ ਕਰਨ ਲਈ ਹਰ ਤਰ੍ਹਾਂ ਦੇ ਪਾਪੜ ਵੇਲਣ ਦੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਭੋਮਾ ਨੇ ਕਿਹਾ ਕਿ ਜੱਗ ਜਾਣਦਾ ਹੈ ਕਿ ਸਰਨੇ ਭਰਾਵਾਂ ਦਾ ਕੋਈ ਦੀਨ ਈਮਾਨ ਹੀ ਨਹੀਂ ਹੈ। ਇਹ ਕੁਰਸੀ ਦੀ ਚੌਧਰ ਖਾਤਿਰ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹਨ ।

ਇਹਨਾਂ ਨੂੰ ਸਿਰਫ ਤੇ ਸਿਰਫ ਪ੍ਰਧਾਨਗੀ ਵਾਲੀ ਕੁਰਸੀ ਚਾਹੀਦੀ ਹੈ। ਉਹਨਾਂ ਕਿਹਾ ਸਰਨਿਆਂ ਦੀ ਬਾਦਲਾਂ ਨਾਲ਼ ਵਪਾਰਕ ਹਿਤਾਂ ਲਈ ਪ੍ਰਧਾਨਗੀ ਖ਼ਾਤਰ ਸਾਂਝ ਹੈ। ਪਿਛਲੇ ਇਤਿਹਾਸ ਤੇ ਝਾਤ ਮਾਰੀਏ ਤਾਂ ਹੁਣ ਤੱਕ ਦੇ ਕਿਸੇ ਦਿੱਲੀ ਦੇ ਸਿੱਖ ਆਗੂ ਵਲੋਂ ਬਾਦਲਾਂ ਨੂੰ ਸਭ ਤੋਂ ਮੰਦੀ ਤੇ ਅਸਭਿਅਕ ਭਾਸ਼ਾ ਵਰਤਣ ਦਾ ਗੋਲਡ ਮੈਡਲ ਅਵਾਰਡ ਦਿੱਤਾ ਜਾ ਸਕਦਾ ਹੈ । ਉਹਨਾਂ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵਲੋਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਜਿਸ ਤੋਂ ਸਰਨੇ ਬੁਖਲਾਏ ਹੋਏ ਹਨ । ਜਨਵਰੀ ਵਿੱਚ ਦੋ ਸਾਲ ਬਾਅਦ ਹੋਣ ਵਾਲੀ ਕਾਰਜਕਾਰਨੀ ਦੀ ਚੋਣ ਦੌਰਾਨ ਸਰਨੇ ਨੂੰ ਕੋਈ ਅਹੁਦਾ ਨਹੀਂ ਮਿਲਣਾ। ਫ਼ਿਰ ਜਦ ਇਹ ਸੁਆਰਥ ਪੂਰਾ ਨਾ ਹੋਇਆ ਤਾਂ ਜਨਵਰੀ ਵਿੱਚ ਹੀ ਇਹਨਾਂ ਦਾ ਬਾਦਲਾਂ ਨਾਲੋਂ ਅਵੱਸ਼ ਤਲਾਕ ਹੋ ਜਾਵੇਂਗਾ ।

ਸਰਨੇ ਪਹਿਲਾਂ ਜਿਹੜੇ ਮੂੰਹ ਨਾਲ ਬਾਦਲਾਂ ਨੂੰ ਕੁਵਿੰਟਲ - ਕਵਿੰਟਲ ਦੀ ਗਾਲ੍ਹ ਕੱਢਿਆਂ ਕਰਦੇ ਸਨ। ਹੁਣ ਕੁਰਸੀ ਲੈਣ ਦੀ ਖਾਤਿਰ ਓਹੀ ਜੁਬਾਨ ਨਾਲ ਉਹਨਾਂ ਦੀਆ ਸਿਫ਼ਤਾਂ ਤੇ ਤਾਰੀਫ਼ਾਂ ਕਰਦੇ ਨਹੀਂ ਥੱਕਦੇ । ਇਸ ਨੂੰ ਪੁੱਛਿਆ ਜਾਏ ਕਿ ਤੈਨੂੰ ਕੁਰਸੀ ਲੈਣ ਖਾਤਰ ਬਾਦਲ ਹੁਣ ਚੰਗੇ ਲੱਗਣ ਲੱਗ ਪਏ ਤੇ ਦੁੱਧ ਧੋਤੇ ਹੋ ਗਏ। ਇਸਦਾ ਤੇ ਉਹ ਹਾਲ ਹੈ ਗੰਗਾ ਗਏ, ਗੰਗਾ ਰਾਮ, ਯਮਨਾ ਗਏ ਯਮਨਾ ਦਾਸ। ਅਸਲ ਵਿਚ ਇਹ ਸ. ਹਰਮੀਤ ਸਿੰਘ ਕਾਲਕਾ ਤੇ ਸ. ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਾਨਦਾਰ ਸੇਵਾਵਾਂ ਤੇ ਪ੍ਰਾਪਤੀਆਂ ਤੋਂ ਬੁਖਲਾਏ ਹੋਏ ਨੇ, ਆਪਣਾ ਦਿਮਾਗੀ ਤਵਾਜ਼ਨ ਖੋਹ ਬੈਠੇ ਹਨ । ਜੋਂ ਮੂਹ ਵਿਚ ਆਉਂਦਾ ਹੈ ਉਹੀ ਬੋਲੀ ਜਾਂਦੇ ਹਨ ।