ਪੰਜਾਬ: ਪੰਚਾਇਤ ਮੰਤਰੀ ਨੇ ਜ਼ਮੀਨ ਤੋਂ ਹਟਵਾਇਆ ਨਜਾਇਜ਼ ਕਬਜਾ, ਦੇਖੋ ਵੀਡਿਓ

ਪੰਜਾਬ: ਪੰਚਾਇਤ ਮੰਤਰੀ ਨੇ ਜ਼ਮੀਨ ਤੋਂ ਹਟਵਾਇਆ ਨਜਾਇਜ਼ ਕਬਜਾ, ਦੇਖੋ ਵੀਡਿਓ

ਲੁਧਿਆਣਾ : ਬਾਲੋਕੇ ਰੋਡ ਸਥਿਤ ਪੰਚਾਇਤ ਵਿਭਾਗ ਦੀ ਜ਼ਮੀਨ ’ਤੇ ਇੱਕ ਬਿਲਡਰ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਅੱਜ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਹਾਜ਼ਰੀ ਵਿੱਚ ਸਰਕਾਰੀ ਹੁਕਮਾਂ ’ਤੇ ਢਾਹ ਦਿੱਤਾ ਗਿਆ। ਬਿਲਡਰ 'ਤੇ ਕਰੀਬ 4 ਕਨਾਲ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਸੀ। ਹਾਲਾਂਕਿ ਬਿਲਡਰ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਅੱਜ ਹਾਈ ਕੋਰਟ ਤੋਂ ਸਟੇਅ ਮਿਲ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਬਿਲਡਰ ਵਿਕਾਸ ਪਾਸੀ ਨੇ ਉਨ੍ਹਾਂ ਨੂੰ ਮਿਲ ਕੇ ਦਾਅਵਾ ਕੀਤਾ ਸੀ ਕਿ ਉਹ ਜ਼ਮੀਨ 'ਤੇ ਆਪਣਾ ਨਾਜਾਇਜ਼ ਕਬਜ਼ਾ ਛੱਡ ਦੇਣਗੇ, ਪਰ ਉਨ੍ਹਾਂ ਅਜਿਹਾ ਨਹੀਂ ਕੀਤਾ।

ਮੰਤਰੀ ਨੇ ਕਿਹਾ ਕਿ ਇਹ ਨਜਾਇਜ਼ ਕਬਜ਼ੇ ਪਿਛਲੀਆਂ ਸਰਕਾਰਾਂ ਦੌਰਾਨ ਹੋਏ ਹਨ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਲਈ ਮੁਆਫ਼ੀ ਮੰਗਣ 'ਤੇ ਵਿਅੰਗ ਕਰਦਿਆਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ ਹੈ ਅਤੇ ਪਾਰਟੀ ਤਬਾਹੀ ਦੇ ਰਾਹ 'ਤੇ ਹੈ। ਉਨ੍ਹਾਂ ਕਿਸਾਨਾਂ ਦੀ ਮਹਾਂਪੰਚਾਇਤ 'ਤੇ ਵੀ ਪ੍ਰਤੀਕਿਰਿਆ ਦਿੱਤੀ। ਇਸ ਤੋਂ ਪਹਿਲਾਂ ਬਿਲਡਰ ਵਿਕਾਸ ਪਾਸੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਹਾਈ ਕੋਰਟ ਤੋਂ ਸਟੇਅ ਮਿਲ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਖੁਦ ਨਾਜਾਇਜ਼ ਕਬਜ਼ਿਆਂ ਹੇਠਲੀ ਜ਼ਮੀਨ ਘਟਾ ਕੇ ਲੋਕਾਂ ਲਈ ਸੜਕਾਂ ਬਣਾਉਣਗੇ।