ਪੰਜਾਬ : ਲੋਕਾਂ ਲਈ ਮਿਸਾਲ ਬਣਿਆ ਰਜਿੰਦਰ ਸਿੰਘ ਸੈਣੀ, ਪਿਛਲੇ 5 ਸਾਲਾਂ ਤੋਂ ਦੇ ਰਿਹਾ 2 ਪਹੀਆ ਐਂਬੂਲੈਂਸ ਦੀ ਫ੍ਰੀ ਸੇਵਾ, ਦੇਖੋ ਵੀਡਿਓ

ਪੰਜਾਬ : ਲੋਕਾਂ ਲਈ ਮਿਸਾਲ ਬਣਿਆ ਰਜਿੰਦਰ ਸਿੰਘ ਸੈਣੀ, ਪਿਛਲੇ 5 ਸਾਲਾਂ ਤੋਂ ਦੇ ਰਿਹਾ 2 ਪਹੀਆ ਐਂਬੂਲੈਂਸ ਦੀ ਫ੍ਰੀ ਸੇਵਾ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਕਹਿੰਦੇ ਨੇ ਜੇਕਰ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਇਨਸਾਨ ਲਈ ਕੁੱਝ ਵੀ ਨਾ-ਮੁਮਕਿਨ ਨਹੀਂ ਹੈ, ਅਜਿਹਾ ਹੀ ਸਾਬਿਤ ਕਰ ਦਿਖਾਇਆ ਸ੍ਰੀ ਅਨੰਦਪੁਰ ਸਾਹਿਬ ਦੇ ਗੁਰੂ ਤੇਗ ਬਹਾਦਰ ਮਲਟੀ ਸਪੇਸ਼ੇਲਟੀ ਹਸਪਤਾਲ ਵਿਚ ਸੇਵਾ ਨਿਭਾਉਣ ਵਾਲੇ ਰਜਿੰਦਰ ਸਿੰਘ ਸੈਣੀ ਨੇ। ਰਜਿੰਦਰ ਸੈਣੀ ਵੱਲੋਂ ਖਾਸ ਤੌਰ ਤੇ ਕੌਮੀ ਤਿਉਹਾਰ ਮੌਕੇ 2 ਪਹੀਆ ਐਂਬੂਲੈਂਸ ਰਾਹੀਂ ਮਾਨਵਤਾ ਦੀ ਸੇਵਾ ਕਰ ਲੋਕਾਂ ਲਈ ਇੱਕ ਮਿਸਾਲ ਪੇਸ਼ ਕੀਤੀ ਜਾ ਰਹੀ ਹੈ।

ਪਿਛਲੇ ਪੰਜ ਸਾਲਾਂ ਤੋਂ ਰਜਿੰਦਰ ਸਿੰਘ ਅਪਣੀ ਇਸ ਐਂਬੂਲੈਂਸ ਰਾਹੀਂ ਹੋਲਾ ਮਹੱਲਾ ਤੇ ਪੁੱਜਣ ਵਾਲੀ ਸੰਗਤ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਹੋਲਾ ਮਹੱਲਾ ਮੌਕੇ ਲੱਖਾਂ ਦੀ ਤਾਦਾਦ ਵਿਚ ਸੰਗਤ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਦੀ ਹੈ, ਤੇ ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਓਥੇ ਚਾਰ ਪਹੀਆ ਐਂਬੂਲੈਂਸ ਪੁੱਜਣਾ ਕਈ ਵਾਰੀ ਮੁਸ਼ਕਿਲ ਹੋ ਜਾਂਦਾ ਹੈ, ਅਜਿਹੇ ਹਲਾਤਾਂ ਵਿੱਚ ਰਜਿੰਦਰ ਸਿੰਘ ਦੀ ਦੋ ਪਹੀਆ ਐਂਬੂਲੈਂਸ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਹੁੰਦੀ।

ਰਜਿੰਦਰ ਦੇ ਦੱਸਣ ਮੁਤਾਬਿਕ ਉਸਨੂੰ ਇਹ ਕੰਮ ਕਰਨ ਲਈ ਇਲਾਕੇ ਦੇ ਮਸ਼ਹੂਰ ਸਰਜਨ ਅਤੇ ਸ੍ਰੀ ਗੁਰੂ ਤੇਗ ਬਹਾਦਰ ਮਲਟੀ ਸਪੈਸ਼ਲਟੀ ਹਸਪਤਾਲ ਦੇ MD ਡਾ. ਪੀਜੇਐਸ ਕੰਗ ਨੇ ਹੱਲਾਸ਼ੇਰੀ ਦਿੱਤੀ, ਤੇ ਅੱਜ ਰਜਿੰਦਰ ਆਮ ਲੋਕਾਂ ਦੇ ਲਈ ਇਕ ਮਿਸਾਲ ਬਣਦਾ ਜਾ ਰਿਹਾ ਹੈ। ਡਾਕਟਰ ਕੰਗ ਦੇ ਦੱਸਣ ਮੁਤਾਬਿਕ ਰਜਿੰਦਰ ਸਿੰਘ ਸੈਣੀ ਨੂੰ ਬੋਲਣ ਵਿਚ ਬੇਸ਼ੱਕ ਦਿੱਕਤ ਹੈ ਤੇ ਉਸਦੇ ਬੋਲ ਸਾਫ ਨਹੀਂ ਪਰ ਜਿਸ ਸ਼ਿੱਦਤ ਨਾਲ ਉਸ ਵੱਲੋ ਮਾਨਵਤਾ ਦੀ ਸੇਵਾ ਕੀਤੀ ਜਾ ਰਹੀ ਹੈ ਇਹ ਵੱਡੇ ਵੱਡੇ ਲੋਕਾਂ ਲਈ ਮਿਸਾਲ ਹੈ, ਓਹਨਾ ਦੱਸਿਆ ਕੇ ਰਜਿੰਦਰ ਦੇ ਦੋ ਪਹੀਆ ਐਂਬੂਲੈਂਸ ਵਿਚ ਐਮਰਜੈਂਸੀ ਹਲਾਤਾਂ ਨਾਲ ਨਿਪਟਣ ਲਈ ਹਰ ਚੀਜ਼ ਮੌਜੂਦ ਹੈ, ਓਹਨਾ ਕਿਹਾ ਕਿ ਜੇਕਰ ਇਸਨੂੰ ਇਕ ਚਲਦੇ ਫਿਰਦੇ ਹਸਪਤਾਲ ਦਾ ਨਾਂ ਦੇ ਦਿੱਤਾ ਜਾਵੇ ਤਾਂ ਇਸ ਵਿੱਚ ਕੋਈ ਅੱਤ ਕਥਨੀ ਨਹੀਂ ਹੋਵੇਗੀ।

ਹੋਲਾ ਮਹੱਲਾ ਤੇ ਆਉਣ ਵਾਲੀ ਸੰਗਤ ਨੂੰ ਫ੍ਰੀ ਐਮਰਜੈਂਸੀ ਸਰਵਿਸ ਦੇਣ ਵਾਲੇ ਰਜਿੰਦਰ ਸਿੰਘ ਸੈਣੀ ਦੀ ਸੇਵਾ ਨੂੰ ਅਸੀਂ ਵੀ ਸਲਾਮ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਰਜਿੰਦਰ ਸਿੰਘ ਸੈਣੀ ਦੀ ਇਸ ਕਹਾਣੀ ਹੋਰ ਲੋਕਾਂ ਨੂੰ ਵੀ ਮਾਨਵਤਾ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗੀ।