ਪੰਜਾਬ : ਸਿਖਿਆ ਮੰਤਰੀ ਵੱਲੋਂ 449.91 ਲੱਖ ਦੀ ਲਾਗਤ ਨਾਲ ਸੜਕ ਦਾ ਕਰਵਾਇਆ ਗਿਆ ਨਵੀਨੀਕਰਨ, ਦੇਖੋ ਵੀਡਿਓ

ਫਤਿਹਪੁਰ ਬੂੰਗਾ : ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਗੁੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਤੇ ਆਲੇ ਦੁਆਲੇ ਦੇ ਖੇਤਰਾਂ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਜਿਸ ਨਾਲ ਇਨ੍ਹਾਂ ਇਲਾਕਿਆਂ ਦੇ ਲੋਕਾਂ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ। 

ਸਿੱਖਿਆ ਮੰਤਰੀ ਅੱਜ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੂੰਗਾ ਸਾਹਿਬ-ਹਿਮਾਚਲ ਪ੍ਰਦੇਸ ਸਰਹੱਦ ਨਾਲ ਜੋੜਨ ਵਾਲੇ ਸ਼ਹੀਦ ਸਿਪਾਹੀ ਦਵਿੰਦਰ ਸਿੰਘ ਫਤਿਹਪੁਰ ਬੂੰਗਾ ਮਾਰਗ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਨ ਲਈ ਇੱਥੇ ਪੁੱਜੇ ਸਨ। 8 ਕਿਲੋਮੀਟਰ ਸੜਕ ਨੂੰ 10 ਫੁੱਟ ਤੋ ਚੋੜਾ ਕਰਕੇ 18 ਫੁੱਟ ਕੀਤਾ ਜਾਵੇਗਾ ਅਤੇ ਇਸ ਨਾਲ ਤਾਜਪੁਰ, ਹਰਦੋ ਅਤੇ ਹਰੀਪੁਰ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਸੜਕ ਦੇ ਨਿਰਮਾਣ ਉਤੇ 449.91 ਲੱਖ ਰੁਪਏ ਦੀ ਲਾਗਤ ਆਵੇਗੀ ਤੇ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀ ਸੁਚਾਰੂ ਸਹੂਲਤ ਮਿਲੇਗੀ। 

ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾ ਨੇ ਵਿਕਾਸ ਦੇ ਨਾਮ ਤੇ ਕੁਝ ਨਹੀ ਕੀਤਾ। ਜਿਸ ਦਿਸ਼ਾ ਵੱਲ ਜਾਓ ਕੇਵਲ ਨੀਹ ਪੱਥਰ ਹੀ ਲੱਗੇ ਹੋਏ ਹਨ, ਅਸੀ ਇਸ ਤੋਂ ਉੱਪਰ ਉੱਠ ਕੇ ਕੰਮ ਦੀ ਸ਼ੁਰੂਆਤ ਕਰਵਾਈ ਹੈ। ਉਨ੍ਹਾਂ ਕਿਹਾ ਕਿ ਸੜਕ ਮੁਕੰਮਲ ਕਰਕੇ ਲੋਕ ਅਰਪਣ ਕਰਨ ਨਾਲ ਹੀ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਹੋਵੇਗਾ। ਉਨ੍ਹਾ ਨੇ ਕਿਹਾ ਕਿ ਹਲਕੇ ਦੇ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ। ਆਮ ਵਰਗ ਨੂੰ ਸੱਤਾ ਦੀ ਚਾਬੀ ਦਿੱਤੀ ਹੈ, ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਕਰਕੇ ਸਮੁੱਚਾ ਸਿੱਖਿਆ ਢਾਂਚੇ ਦੀ ਜਿੰਮੇਵਾਰੀ ਦਿੱਤੀ ਹੈ।