ਜੈਕਾਰਿਆਂ ਦੀ ਗੂੰਜ ਵਿੱਚ ਹੋਈ ਹੋਲੇ-ਮਹੱਲੇ ਦੀ ਸ਼ੁਰੂਆਤ, ਦੇਖੋ ਵੀਡਿਓ

ਜੈਕਾਰਿਆਂ ਦੀ ਗੂੰਜ ਵਿੱਚ ਹੋਈ ਹੋਲੇ-ਮਹੱਲੇ ਦੀ ਸ਼ੁਰੂਆਤ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ:  ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਪ੍ਰਸਿੱਧ ਛੇ ਰੋਜ਼ਾ ਕੌਮੀ ਤਿਊਹਾਰ ਹੋਲਾ-ਮਹੱਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੋਲੇ ਮਹੱਲੇ ਦੇ ਦੋ ਪੜਾ ਹੁੰਦੇ ਹਨ, ਪਹਿਲਾ ਪੜਾਅ ਸ੍ਰੀ ਕੀਰਤਪੁਰ ਸਾਹਿਬ ਅਤੇ ਦੂਜਾ ਪੜਾਅ ਸ੍ਰੀ ਅਨੰਦਪੁਰ ਸਾਹਿਬ, ਪਹਿਲੇ ਪੜਾਅ ਦੀ ਅਰੰਭਤਾ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਾਉਣ ਤੋਂ ਹੁੰਦੀ ਹੈ ਪਰ ਪੁਰਾਤਨ ਰਵਾਇਤ ਅਨੁਸਾਰ ਅਖੰਡ ਪਾਠ ਸਾਹਿਬ ਆਰੰਭ ਕਰਨ ਤੋ ਪਹਿਲਾ ਦੀ ਰਾਤ ਨੂੰ 12 ਵਜੇ ਪੁਰਾਤਨ  ਰਣਜੀਤ ਨਗਾਰੇ ਤੇ ਚੋਟ ਲਗਾ ਕੇ ਜੈਕਾਰਿਆਂ ਦੀ ਗੂੰਜ ਵਿਚ ਅਰੰਭਤਾ ਦੀ ਅਰਦਾਸ ਤੋਂ ਬਾਅਦ ਹੁੰਦੀ ਹੈ। ਕਿਲਾ ਅਨੰਦਗੜ ਸਾਹਿਬ ਵਿਖੇ ਸਮੁੱਚੇ ਪੰਥ ਦੀਆਂ ਮਹਾਨ ਸ਼ਖਸੀਅਤਾਂ ਦੇ ਨਾਲ-ਨਾਲ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਸਮੁਦਯ ਸੰਪਰਦਾਵਾਂ ਦੇ ਮੁਖੀਆਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਦੇ ਸਹਿਯੋਗ ਨਾਲ ਨਗਾਰੇ ਤੇ ਚੋਟ ਲਗਾਉਣ ਤੋਂ ਬਾਅਦ ਹੋਈ।  

ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਅਰੰਭਤਾ ਦੀ ਅਰਦਾਸ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਬਾਬਾ ਸਤਨਾਮ ਸਿੰਘ ਦੇ ਨਾਲ ਨਾਲ ਹੋਰ ਕਈ ਸੰਪਰਦਾਵਾਂ ਦੇ ਮੁਖੀ ਹਾਜ਼ਰ ਸਨ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੂੰ ਵੀ ਦਸਤਾਰਬੰਦੀ ਸਜਾ ਕੇ ਇੱਕ ਰਸਮੀ ਦਸਤਾਰ ਸਜਾਈ ਜਾਂਦੀ ਹੈ, 3 ਮਾਰਚ ਤੋਂ ਅਰੰਭ ਹੋਣ ਵਾਲੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੇ ਅਖੰਡ ਪਾਠ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਰਖਵਾਈ ਜਾਂਦੇ ਹਨ, ਜਿਨ੍ਹਾਂ ਦੇ ਭੋਗ 5 ਮਾਰਚ ਨੂੰ ਪੈਣਗੇ। ਇਸਦੇ ਨਾਲ ਹੀ ਦੂਜੇ ਪੜਾਅ ਦੀ ਸ਼ੁਰੂਆਤ 6 ਮਾਰਚ ਤੋਂ ਸ੍ਰੀ ਅਖੰਡ ਪਾਠ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਾਏ ਜਾਣਗੇ, ਜਿਨਾਂ ਦੀ ਸੰਪੂਰਨਤਾ 8 ਮਾਰਚ ਨੂੰ ਹੋਵੇਗੀ।