ਪੰਜਾਬ : ਪਾਕਿਸਤਾਨ ਤੋਂ ਵਾਪਿਸ ਆਉਣ ਤੇ ਪੰਜਾਬੀ ਲੇਖਕ ਅਤੇ ਪੱਤਰਕਾਰ ਦਾ ਹੋਇਆ ਨਿੱਘਾ ਸਵਾਗਤ, ਦੇਖੋ ਵੀਡਿਓ

ਪੰਜਾਬ : ਪਾਕਿਸਤਾਨ ਤੋਂ ਵਾਪਿਸ ਆਉਣ ਤੇ ਪੰਜਾਬੀ ਲੇਖਕ ਅਤੇ ਪੱਤਰਕਾਰ ਦਾ ਹੋਇਆ ਨਿੱਘਾ ਸਵਾਗਤ, ਦੇਖੋ ਵੀਡਿਓ

ਅੰਮ੍ਰਿਤਸਰ : ਭਾਰਤ ਪਾਕਿਸਤਾਨ ਦੀ ਵੰਡ ਤੋਂ ਬਾਅਦ ਲਹਿੰਦੇ ਤੇ ਚੜਦੇ ਪੰਜਾਬ ਦੇ ਸ਼ਾਇਰ ਲੇਖਕ, ਕਾਲਮ ਨਵੀਸ, ਪੱਤਰਕਾਰ, ਕਲਾਕਾਰ ਅਤੇ ਹੋਰਨਾਂ ਵਰਗਾਂ ਵੱਲੋਂ ਹਮੇਸ਼ਾ ਹੀ ਪਿਆਰ ਮੁਹੱਬਤ ਅਤੇ ਏਕੇ ਦਾ ਸੰਦੇਸ਼ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਲਹਿੰਦੇ ਅਤੇ ਚੜਦੇ ਪੰਜਾਬ ਦੇ ਨਾਲ ਨਾਲ ਦੋਨਾਂ ਦੇਸ਼ਾਂ ਦੇ ਵਿੱਚ ਸਮੇਂ ਸਮੇਂ ਤੇ ਹੁੰਦੀਆਂ ਕਈ ਵੱਡੀਆਂ ਕਾਨਫਰੰਸਾਂ ਦੇ ਵਿੱਚ ਦੋਨੋਂ ਮੁਲਕਾਂ ਦੇ ਕਈ ਹਸਤੀਆਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ। ਇਸ ਦੌਰਾਨ ਦੋਨੋਂ ਤਰਫ ਤੋਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਕਾਮਨਾ ਕੀਤੀ ਜਾਂਦੀ ਹੈ। ਬੀਤੇ ਦਿਨੀਂ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਹੋਈ ਤਿੰਨ ਰੋਜਾ ਪੰਜਾਬੀ ਕੌਮਾਂਤਰੀ ਕਾਨਫਰੰਸ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪ੍ਰਸਿੱਧ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਦਾ ਵਾਪਿਸ ਭਾਰਤ ਆਉਣ ਤੇ ਬਿਆਸ ਵਿੱਚ ਸ਼ਾਇਰ ਅਤੇ ਲੇਖਕਾਂ ਵਲੋਂ ਨਿੱਘਾ ਸਵਾਗਤ ਕਰਕੇ ਸਨਮਾਨ ਕੀਤਾ ਗਿਆ ਹੈ। ਲਹਿੰਦੇ ਤੇ ਚੜਦੇ ਪੰਜਾਬ ਦੇ ਅਦੀਬ ਤੇ ਅਦਬ ਨਾਲ ਮੁਹੱਬਤ ਕਰਨ ਵਾਲੇ ਲੋਕ ਹਮੇਸ਼ਾ ਪਿਆਰ ਵੰਡਦੇ ਆਏ ਨੇ ਤੇ ਵੰਡਦੇ ਹੀ ਰਹਿਣਗੇ। ਇਹ ਲੇਖਕ ਸ਼ਾਇਰ ਲੋਕ ਦੋਵਾਂ ਮੁਲਕਾਂ ਦੀ ਖੈਰ ਸੁੱਖ ਮੰਗਦੇ ਨੇ ਅਤੇ ਮੰਗਦੇ ਹੀ ਰਹਿਣਗੇ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅਮਰੀਕਾ ਨਿਵਾਸੀ ਉੱਘੇ ਲੇਖਕ ਤੇ ਕਾਲਮ ਨਵੀਸ ਤੇ ਪੱਤਰਕਾਰ ਸ੍ਰੀ ਐਸ ਅਸ਼ੋਕ ਭੌਰਾ ਨੇ ਸ਼ਾਇਰ ਵਿਸ਼ਾਲ ਦੇ ਗ੍ਰਹਿ ਬਿਆਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਬੀਤੇ ਦਿਨੀਂ ਲਾਹੌਰ ਚ ਤਿੰਨ ਰੋਜ਼ਾ ਕੌਮਾਤਰੀ ਪੰਜਾਬੀ ਕਾਨਫਰੰਸ ਚ ਭਾਗ ਲੈਣ ਤੋਂ ਬਾਅਦ ਵਾਹਘਾ ਸਰਹੱਦ ਰਾਹੀਂ ਐਸ ਅਸ਼ੋਕ ਭੌਰਾ ਵਾਪਿਸ ਆਏ ਸਨ। ਜਿਥੇ ਕਿ ਇਕ ਦਰਜਨ ਤੋਂ ਵੱਧ ਦੇਸ਼ਾਂ ਤੋਂ ਆਏ ਡੈਲੀਗੇਟਾ ਨੇ ਭਾਗ ਲਿਆ। ਸ੍ਰੀ ਭੌਰਾ ਨੇ ਭਾਵੁਕ ਹੁੰਦਿਆ ਕਿਹਾ ਕਿ ਓਧਰਲੇ ਪੰਜਾਬੀਆਂ ਦੀਆਂ ਜੱਫੀਆਂ ਚ ਜੋ ਨਿੱਘ ਸੀ, ਉਹ ਕਦੇ ਵੀ ਭੁੱਲਣ ਵਾਲਾ ਨਹੀਂ ਹੈ ਅਤੇ ਤਿੰਨ ਦਿਨ ਚੱਲੀ ਇਸ ਕਾਨਫਰੰਸ ਵਿੱਚ ਗਿੱਧਾ, ਭੰਗੜਾ, ਸੂਫੀ ਗਾਇਨ ਤੇ ਪੰਜਾਬੀ ਬੋਲੀ ਦੀ ਪ੍ਰਫੁਲਤਾ ਲਈ ਚਰਚਾ ਹੁੰਦੀ ਰਹੀ ਹੈ। ਉਹਨਾਂ ਕਿਹਾ ਕਿ ਲਹਿੰਦੇ ਪੰਜਾਬ ਦੇ ਸਰੋਤੇ, ਸ਼ਾਇਰ ਦੇ ਕਲਾਮ ਨੂੰ ਨਾਲ ਨਾਲ ਲਿਖਦੇ ਹਨ ਤੇ ਭਾਰਤੀ ਪੰਜਾਬ ਦੇ ਉੱਲਟ ਜਿੱਥੇ ਕਿਤੇ ਵੀ ਮੁਸ਼ਾਇਰਾ ਹੋਵੇ, ਸਰੋਤਿਆਂ ਦੀ ਗਿਣਤੀ ਹਜ਼ਾਰਾ ਚ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਇਰੀ ਦੇ ਭਰ ਵਗਦੇ ਦਰਿਆ ਚ ਲੋਕਾਂ ਦੇ ਅਹਿਸਾਸ ਤਾਰੀਆਂ ਲਾਉਦੇਂ ਹਨ।