ਪੰਜਾਬ: ਪੁਲਿਸ ਦੇ ਸਾਹਮਣੇ 50 ਹਜ਼ਾਰ ਦੇ ਬੂਟਾਂ ਦਾ ਬੋਰਾ ਚੁੱਕ ਚੋਰ ਫਰਾਰ, ਦੇਖੋ ਵੀਡੀਓ 

ਪੰਜਾਬ: ਪੁਲਿਸ ਦੇ ਸਾਹਮਣੇ 50 ਹਜ਼ਾਰ ਦੇ ਬੂਟਾਂ ਦਾ ਬੋਰਾ ਚੁੱਕ ਚੋਰ ਫਰਾਰ, ਦੇਖੋ ਵੀਡੀਓ 

ਗੁਰਦਾਸਪੁਰ: ਜ਼ਿਲ੍ਹੇ ਵਿੱਚ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਤਾਜਾ ਮਾਮਲਾ ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪਗੜੀਧਾਰੀ ਮੋਟਰਸਾਈਕਲ ਸਵਾਰ ਇੱਕ ਰੈਡੀਮੇਡ ਸ਼ੋਰੂਮ ਦੇ ਬਾਹਰੋਂ ਪੀਸੀਆਰ ਮੁਲਾਜ਼ਮਾਂ ਦੇ ਸਾਹਮਣੇ ਬ੍ਰਾਂਡੇਡ ਜੁੱਤੀਆਂ ਨਾਲ ਭਰੀ ਬੋਰੀ ਚੁੱਕ ਕੇ ਲੈ ਗਿਆ। ਸ਼ੋਅਰੂਮ ਦੇ ਬਾਹਰੋਂ ਹੋਈ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ ਹੈ। ਸ਼ੋਅਰੂਮ ਦੇ ਮਾਲਕ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਪੰਕ ਸ਼ੋਅਰੂਮ ਦੇ ਮਾਲਕ ਕਰਨ ਨੇ ਦੱਸਿਆ ਕਿ ਬੀਤੇ ਦਿਨ ਉਸਨੇ ਆਪਣੇ ਸ਼ੋਅਰੂਮ ਲਈ ਕੱਪੜੇ ਅਤੇ ਜੁੱਤੀਆਂ ਦਾ ਆਰਡਰ ਦਿੱਤਾ ਸੀ ਅਤੇ ਸਮਾਨ ਆਉਣ ਤੋਂ ਬਾਅਦ ਉਸਨੇ ਦੁਕਾਨ ਦੇ ਬਾਹਰ ਸਾਰਾ ਸਮਾਨ ਰਖਵਾ ਦਿੱਤਾ। ਉਹ ਗਾਹਕਾਂ ਨੂੰ ਸਮਾਨ ਦੇਣ ਵਿੱਚ ਰੁੱਝਿਆ ਹੋਇਆ ਸੀ ਜਦੋ ਇੱਕ ਨੌਜਵਾਨ ਮੋਟਰਸਾਈਕਲ 'ਤੇ ਆਇਆ ਅਤੇ  ਜੁੱਤੀਆਂ ਨਾਲ ਭਰਿਆ ਬੈਗ ਚੁੱਕ ਕੇ ਆਪਣੇ ਮੋਟਰਸਾਈਕਲ 'ਤੇ ਰੱਖ  ਉਥੋਂ ਫ਼ਰਾਰ ਹੋ ਗਿਆ ।

ਦੁਕਾਨਦਾਰ ਨੂੰ ਸੀ.ਸੀ.ਟੀ.ਵੀ. ਦੇਖਣ ਤੋਂ ਬਾਅਦ ਪਤਾ ਲੱਗਾ ਕਿ ਜਦੋਂ ਨੌਜਵਾਨ ਨੇ ਉੱਥੋਂ ਜੁੱਤੀਆਂ ਨਾਲ ਭਰਿਆ ਬੈਗ ਉਠਾਇਆ, ਉਸੇ ਸਮੇਂ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਨਾਲ ਖੜ੍ਹੇ ਸਨ। ਪਰ ਉਕਤ ਨੌਜਵਾਨ ਨੇ ਸਰੇਆਮ ਚੋਰੀ ਨੂੰ ਅੰਜਾਮ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ। ਬੈਗ ਵਿੱਚ ਸਾਰੇ ਬ੍ਰਾਂਡੇਡ ਜੁੱਤੇ ਸਨ, ਜਿਨ੍ਹਾਂ ਦੀ ਕੀਮਤ 50 ਹਜ਼ਾਰ ਰੁਪਏ ਤੋਂ ਵੱਧ ਦੀ ਹੈ । ਇਸ ਘਟਨਾ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦਰਖ਼ਾਸਤ ਮਿਲੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |