ਪੰਜਾਬ : ਭੇਦਭਰੇ ਹਾਲਾਤਾਂ ਵਿੱਚ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਕਰ ਰਹੀ ਜਾਂਚ, ਦੇਖੋ ਵੀਡਿਓ

ਪੰਜਾਬ : ਭੇਦਭਰੇ ਹਾਲਾਤਾਂ ਵਿੱਚ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਕਰ ਰਹੀ ਜਾਂਚ, ਦੇਖੋ ਵੀਡਿਓ

ਬਟਾਲਾ : ਅੰਮ੍ਰਿਤਸਰ ਜਲੰਧਰ ਬਾਈਪਾਸ ਅਰਮਾਨ ਪੈਲੇਸ ਨਜ਼ਦੀਕ ਨਿਰਮਾਣ ਅਧੀਨ ਇਮਾਰਤ ਵਿੱਚੋਂ ਇੱਕ 35 ਸਾਲਾਂ ਸ਼ਾਦੀਸੁਦਾ ਵਿਅਕਤੀ ਦੀ ਭੇਦਭਰੇ ਹਲਾਤ 'ਚ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਿਟੀ ਲਲਿਤ ਕੁਮਾਰ ਅਤੇ ਥਾਣਾ ਸਿਵਲ ਲਾਈਨ ਦੇ ਐਸਐਚਓ ਕੁਲਵੰਤ ਸਿੰਘ ਵੀ ਮੌਕੇ ਤੇ ਪਹੁੰਚ ਗਏ। ਮ੍ਰਿਤਕ ਵਿਅਕਤੀ ਦੀ ਪਛਾਣ ਮਨਦੀਪ ਸਿੰਘ ਉਰਫ ਵੀਰੂ (35) ਪੁੱਤਰ ਸੰਪੂਰਨ ਸਿੰਘ ਵਾਸੀ ਮੜ੍ਹੀਆਂਵਾਲ ਬਟਾਲਾ ਵਜੋਂ ਹੋਈ ਹੈ। ਥਾਣਾ ਸਿਵਲ ਲਾਈਨ ਦੀ ਪੁਲਸ ਨੇ ਮ੍ਰਿਤਕ ਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਦੇ ਰਿਸ਼ਤੇ ਵਿੱਚ ਲੱਗਦੇ ਭਰਾ ਜਗਤਾਰ ਸਿੰਘ ਜੱਗੀ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਉਸਦੇ ਮਾਮੇ ਦਾ ਬੇਟਾ ਹੈ। ਉਨ੍ਹਾਂ ਦੱਸਿਆ ਕਿ ਮਨਦੀਪ ਵੀਰੂ ਬੁਧਵਾਰ ਦੀ ਦੁਪਹਿਰ ਕਰੀਬ ਡੇਢ ਵਜੇ ਘਰੋਂ ਇਕ ਨੌਜਵਾਨ ਦੇ ਨਾਲ ਗਿਆ ਸੀ ਅਤੇ ਦੇਰ ਰਾਤ ਘਰ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਸ ਤੋਂ ਬਾਅਦ ਉਹ ਸਾਰਾ ਪਰਿਵਾਰ ਮਿ੍ਤਕ ਵੀਰੂ ਨੂੰ ਨਾਲ ਲੈ ਜਾਣ ਵਾਲੇ ਨੌਜਵਾਨ ਦੇ ਘਰ ਗਏ। ਜਗਤਾਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਨੌਜਵਾਨ ਤੋਂ ਮਨਦੀਪ ਸਿੰਘ ਵੀਰੂ ਬਾਰੇ ਪੁੱਛਿਆ ਪਰ ਉਸ ਨੇ ਕੋਈ ਸਪੱਸ਼ਟ ਜਵਾਬ ਨਾ ਦਿੱਤਾ। 

ਉਨ੍ਹਾਂ ਅੱਗੇ ਦਸਿਆ ਕਿ ਵੀਰਵਾਰ ਦੀ ਸ਼ਾਮ ਨੂੰ ਉਨ੍ਹਾਂ ਦੁਬਾਰਾ ਉਕਤ ਨੌਜਵਾਨ ਨੂੰ ਪੁੱਛਿਆ ਤਾਂ ਉਹ ਇਸ ਨਿਰਮਾਣ ਅਧੀਨ ਇਮਾਰਤ ਵੱਲ ਲੈ ਆਇਆ । ਉਨ੍ਹਾਂ ਦੱਸਿਆ ਕਿ ਜਦ ਇੱਥੇ ਆਏ ਤਾਂ ਉਨ੍ਹਾਂ ਨੇ ਮਨਦੀਪ ਵੀਰੂ ਦੀ ਸਕੂਟਰੀ ਇਥੇ ਪਾਈ ਅਤੇ ਉਨ੍ਹਾਂ ਨੇ ਜਦ ਅੰਦਰ ਜਾ ਕੇ ਦੇਖਿਆ ਤਾਂ ਮਨਦੀਪ ਸਿੰਘ ਮਿਰਤਕ ਹਾਲਤ 'ਚ ਪਿਆ ਹੋਇਆ ਸੀ। ਜਿਸ ਤੇ ਉਨ੍ਹਾਂ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਜਗਤਾਰ ਸਿੰਘ  ਨੇ ਇਹ ਕਥਿਤ ਦੋਸ਼ ਲਗਾਇਆ ਹੈ ਕਿ ਮਨਦੀਪ ਵੀਰੂ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਹਤਿਆਰੇ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਆਪਣੇ ਪਿੱਛੇ ਪਤਨੀ, ਇਕ ਬੇਟੀ ਅਤੇ ਇੱਕ ਬੇਟਾ ਛੱਡ ਗਿਆ ਹੈ। 

ਮੌਕੇ ਤੇ ਪੁੱਜੇ ਡੀਐਸਪੀ ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਮਨਦੀਪ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਦੇ ਮੋਰਚਰੀ ਰਖਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।