ਪੰਜਾਬ - ਕਿਸਾਨ ਵੱਲੋਂ ਖੇਤਾਂ ਦੇ ਨਾੜ ਨੂੰ ਲਗਾਈ ਅੱਗ ਪਨਸਪ ਦੇ ਗੁਦਾਮਾਂ ਤੱਕ ਪਹੁੰਚੀ, ਦੇਖੋ ਵੀਡਿਓ

ਪੰਜਾਬ - ਕਿਸਾਨ ਵੱਲੋਂ ਖੇਤਾਂ ਦੇ ਨਾੜ ਨੂੰ ਲਗਾਈ ਅੱਗ ਪਨਸਪ ਦੇ ਗੁਦਾਮਾਂ ਤੱਕ ਪਹੁੰਚੀ, ਦੇਖੋ ਵੀਡਿਓ

ਲੱਕੜ ਅਤੇ ਪਲਾਸਟਿਕ ਦੇ ਕਰੇਟ ਸਮੇਤ ਕੁਝ ਖਾਲੀ ਬਰਦਾਨਾਂ ਸੜ ਕੇ ਹੋਇਆ ਸਵਾਹ

ਬਟਾਲਾ: ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਨਾ ਲਗਾਉਣ, ਇਸ ਨਾਲ ਕਈ ਵੱਡੇ ਹਾਦਸੇ ਵਾਪਰ ਸਕਦੇ ਹਨ। ਪਰ ਇਸ ਦੇ ਬਾਵਜੂਦ ਵੀ ਕਿਸਾਨ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਉਣ ਤੋਂ ਬਾਜ਼ ਨਹੀਂ ਆ ਰਹੇ।

ਤਾਜ਼ਾ ਮਾਮਲਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਨਾੜ ਨੂੰ ਲਗਾਈ ਗਈ ਅੱਗ ਇੰਨੀ ਵਧ ਗਈ ਕਿ ਅੱਗ ਪਨਸਪ ਦੇ ਗੋਦਾਮਾਂ ਤੱਕ ਪਹੁੰਚ ਗਈ ਅਤੇ ਗੋਦਾਮ ਵਿੱਚ ਕੰਮ ਕਰਦੀ ਲੇਬਰ ਅਤੇ ਲੋਕਾਂ ਨੇ ਅੱਗ ਤੇ ਕਾਬੂ ਪਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਅੱਗ ਬੁੱਝਣ ਦਾ ਨਾਮ ਨਹੀਂ ਲੈ ਰਹੀ ਸੀ, ਜਿਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੂੰ ਬੁਲਾਇਆ ਗਿਆ ਅਤੇ ਅੱਗ ਤੇ ਕਾਬੂ ਪਾਇਆ ਗਿਆ। ਖਰੀਦ ਏਜੰਸੀ ਪਨਸਪ ਦੇ ਇੰਸਪੈਕਟਰ ਨੇ ਦੱਸਿਆ ਕਿ ਇਸ ਅੱਗ ਨਾਲ ਸਟੋਰ ਕੀਤੀ ਹੋਈ ਫਸਲ ਤਾਂ ਬਚ ਗਈ ਪਰ ਦਸ ਹਜਾਰ ਦੇ ਕਰੀਬ ਲੱਕੜ ਅਤੇ ਪਲਾਸਟਿਕ ਦੇ ਕਰੇਟ ਕੁਝ ਖਾਲੀ ਬਰਦਾਨਾਂ ਅਤੇ 20 ਤਰਪਾਲਾਂ ਸੜ ਕੇ ਸਵਾਹ ਹੋ ਚੁੱਕੇ ਹਨ। ਜਿਸ ਨਾਲ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਧਾਰੀਵਾਲ ਵਿੱਖੇ ਜੋ ਪਨਸਪ ਖਰੀਦ ਏਜੰਸੀ ਦੇ ਗੁਦਾਮ ਹਨ ਉਨ੍ਹਾਂ ਵਿੱਚ ਅੱਗ ਲੱਗ ਚੁੱਕੀ ਹੈ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕਰ ਅੱਗ ਨੂੰ ਬੁਝਾ ਦਿੱਤਾ ਗਿਆ ਹੈ ਅਤੇ ਜੋ ਨੁਕਸਾਨ ਹੋਇਆ ਹੈ ਉਸ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਜਿਸ ਕਿਸਾਨ ਨੇ ਖੇਤਾਂ ਵਿਚ ਅੱਗ ਲਗਾਈ ਹੋਵੇਗੀ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਨਸਪ ਖਰੀਦ ਏਜੰਸੀ ਦੇ ਇੰਸਪੈਕਟਰ ਸਚਿਨ ਸਿਆਲ ਨੇ ਦੱਸਿਆ ਕਿ ਗੋਦਾਮ ਵਿੱਚ ਕੰਮ ਕਰਦੀ ਲੇਬਰ ਨੇ ਆਕੇ ਦੱਸਿਆ ਕਿ ਗੁਦਾਮਾਂ ਵਿੱਚ ਅੱਗ ਲੱਗ ਚੁੱਕੀ ਹੈ ਅਤੇ ਇਹ ਅੱਗ ਖੇਤਾਂ ਵਿਚੋਂ ਹੁੰਦੀ ਹੋਈ ਗੁਦਾਮਾਂ ਤੱਕ ਪਹੁੰਚੀ ਹੈ ਅਤੇ ਕਿਸੇ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਨਾੜ ਨੂੰ ਅੱਗ ਲਗਾਈ ਗਈ ਹੈ ਜਿਸ ਕਰਕੇ ਹਵਾ ਦਾ ਰੁੱਖ ਇਧਰ ਹੋਣ ਕਰਕੇ ਅੱਗ ਉਨ੍ਹਾਂ ਦੇ ਗੁਦਾਮਾਂ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਜਿਸ ਕਿਸਾਨ ਨੇ ਆਪਣੇ ਖੇਤਾਂ ਵਿਚ ਅੱਗ ਲਗਾਈ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਅੱਗ ਕਰਕੇ ਸਟੋਰ ਕੀਤੀ ਫਸਲ ਬਚ ਗਈ ਹੈ ਪਰ ਪਲਾਸਟਿਕ ਦੀਆਂ ਤਰਪਾਲਾਂ ਅਤੇ ਕਰੇਟਾ ਦਾ ਕਾਫੀ ਨੁਕਸਾਨ ਹੋਇਆ ਹੈ।