ਗੁਰਦਾਸਪੁਰ: ਡੈਮ ਪ੍ਰਸ਼ਾਸਨ ਵੱਲੋਂ ਸਰਕਾਰੀ ਨੌਕਰੀਆਂ ਤੋਂ ਬਰਖ਼ਾਸਤ ਔਸਤੀ ਮੁਲਾਜ਼ਮਾਂ ਨੇ ਭੁੱਖ ਹੜਤਾਲ ਦੇ 71ਵੇਂ ਦਿਨ ਆਪਣੇ ਪਰਿਵਾਰਾਂ ਅਤੇ ਵੱਖ-ਵੱਖ ਜਥੇਬੰਦੀਆਂ ਨਾਲ ਮਿਲਕੇ ਐਸ.ਡੀ.ਐਮ ਕਮ ਡੀਸੀ ਆਰ. ਐਂਡ. ਆਰ. ਦਫ਼ਤਰ ਸ਼ਾਹਪੁਰਕੰਡੀ ਵਿਖੇ ਰੋਸ਼ ਮੁਜ਼ਾਹਰਾ ਕਰਦਿਆਂ ਔਸਤੀ ਮੁਲਾਜ਼ਮਾਂ ਦੇ ਕੇਸਾਂ ਦੀ ਪੜਤਾਲ ਕਰਨ ਵਾਲੇ ਐਸ.ਡੀ.ਐਮ ਸੌਰਵ ਅਰੋੜਾ ਦਾ ਪੁਤਲਾ ਸਾੜਿਆ। ਜਥੇਬੰਦੀ ਆਗੂਆਂ ਵੱਲੋਂ ਮੋਹਨ ਸਿੰਘ, ਮਨਿੰਦਰ ਪਾਲ ਸਿੰਘ, ਸੁਖਵਿੰਦਰ, ਯੋਗੇਸ਼ ਸਿੰਘ ਅਤੇ ਸੋਨੂ ਨੂੰ ਭੁੱਖ ਹੜਤਾਲ ਤੇ ਬੈਠਾਇਆ ਗਿਆ। ਉਸ ਤੋਂ ਬਾਅਦ ਮੁੱਖ ਇੰਜੀਨੀਅਰ ਦਫ਼ਤਰ ਤੋਂ ਰੋਸ਼ ਮਾਰਚ ਕਰਦਿਆਂ ਐਸ.ਡੀ.ਐਮ. ਕਮ ਡੀਸੀ ਆਰ ਐਂਡ ਆਰ ਦਫ਼ਤਰ ਬਾਹਰ ਜੰਮਕੇ ਰੋਸ਼ ਮੁਜ਼ਾਹਰਾ ਕੀਤਾ।
ਰੋਸ਼ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਡੈਮ ਔਸਤੀ ਬੈਰਾਜ, ਔਸਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਕਾਰ ਪਠਾਨੀਆ, ਥੀਨ ਡੈਮ ਵਰਕਰ ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਸੰਧੂ, ਭਾਰਤੀ ਕਿਸਾਨ ਯੂਨੀਅਨ (ਸਿਰਸਾ) ਦੇ ਜ਼ਿਲ੍ਹਾ ਪ੍ਰਧਾਨ ਹਰਦੇਵ ਸਿੰਘ ਚਿੱਟੀ ਅਤੇ ਜਮੂਹਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਲਵੰਤ ਸਿੰਘ ਘੋਹ ਨੇ ਦੱਸਿਆ ਕਿ ਐਸ.ਡੀ.ਐਮ ਸੌਰਵ ਅਰੋੜਾ ਨੇ ਕੁੱਝ ਵਿਅਕਤੀਆਂ ਦੇ ਦਬਾਵ ਹੇਠਾਂ ਆ ਕੇ 32 ਦਰਜ਼ਾ- 4 ਮੁਲਾਜ਼ਮਾਂ ਦੀ ਗਲਤ ਅਤੇ ਇੱਕ ਪਾਸਾ ਪੜਤਾਲ ਕੀਤੀ ਅਤੇ ਔਸਤੀ ਮੁਲਾਜ਼ਮਾਂ ਨੂੰ ਧੱਕੇਸ਼ਾਹੀ ਨਾਲ ਨੌਕਰੀਆਂ ਤੋਂ ਕੱਢ ਦਿੱਤਾ। ਉਹਨਾਂ ਕਿਹਾ ਕਿ ਜੇਕਰ ਪ੍ਰਮੁੱਖ ਸਕੱਤਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਨੇ ਨੀਤੀ ਤੋਂ ਬਾਹਰ ਜਾ ਕੇ ਅਪੀਲਾਂ ਦਾ ਨਿਪਟਾਰਾ ਕੀਤਾ ਤਾਂ 71 ਦਿਨਾਂ ਤੋਂ ਚੱਲ ਰਹੇ ਧਰਨੇ ਦੀ ਰੂਪਰੇਖਾ ਨੂੰ ਬਦਲ ਕੇ ਵੱਡੇ ਪੱਧਰ ਤੇ ਰੋਸ਼ ਮੁਜ਼ਾਹਰਾ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਦਾਰੀ ਡੈਮ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

