ਬਟਾਲਾ : ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਪਿੰਡ ਛਿਛਰੇਵਾਲ ਚ ਸਰਕਾਰੀ ਪੰਨਗਰੇਨ ਦੇ ਗੋਦਾਮ ਦੇ ਵਿਚ ਗਰੀਬਾਂ ਨੂੰ ਮਿਲਣ ਵਾਲੀ 2 ਰੁਪਏ ਕਿਲੋ ਵਾਲੀ ਸਰਕਾਰੀ ਕਣਕ ਦੀਆਂ ਧਾਂਕਾ ਲੱਗ ਰਹੀਆਂ ਸਨ ਜਿਸ ਦੌਰਾਨ ਕੁਝ ਲੋਕਾਂ ਵੱਲੋਂ ਬੰਬੂ ਨਾਲ ਕਣਕ ਕੱਢੀ ਜਾ ਰਹੀ ਸੀ। ਜਿਸ ਦੀ ਕਿਸੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ। ਵੀਡੀਓ ਵਾਇਰਲ ਹੋਣ ਉਪਰੰਤ ਸਬੰਧਤ ਫੂਡ ਸਪਲਾਈ ਵਿਭਾਗ ਗੁਰਦਾਸਪੁਰ ਦੇ ਅਧਿਕਾਰੀਆਂ ਵੱਲੋਂ ਪੰਨਗਰੇਨ ਗੋਡਾਊਨ ਛਿਛਰੇਵਾਲ ਤੇ ਛਾਪਾ ਮਾਰ ਕੇ ਜਾਇਜ਼ਾ ਲਿਆ।
ਇਸ ਮੌਕੇ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦੇ ਹੋਏ ਸਹਾਇਕ ਜ਼ਿਲ੍ਹਾ ਖ਼ਰਾਕ ਅਫਸਰ ਕਮਲਜੀਤ ਸਿੰਘ ਨੇ ਦੱਸਿਆ ਕੁਝ ਸਰਕਾਰੀ ਬੋਰੀਆਂ ਖੁੱਲ੍ਹੀਆਂ ਪਾਈਆਂ ਗਈਆਂ ਹਨ ਤੇ ਕਣਕ ਫਰਸ ਉਪਰ ਵੱਡੀ ਤਦਾਦ ਵਿੱਚ ਖਿੱਲਰੀ ਪਈ ਮਿਲੀ ਹੈ। ਇਸ ਸਬੰਧੀ ਜਦੋਂ ਅਸੀਂ ਵੀ ਜ਼ਿਲ੍ਹਾ ਖ਼ੁਰਾਕ ਅਫ਼ਸਰ ਗੁਰਦਾਸਪੁਰ ਮੈਡਮ ਰਜਨੀਸ਼ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਛਿਛਰੇਵਾਲ ਪੰਨਗਰੇਨ ਗਡਾਊਨ ਦੀ ਵਾਇਰਲ ਵੀਡੀਓ ਮਿਲੀ ਸੀ ਮੇਰੇ ਵੱਲੋਂ ਤੁਰੰਤ ਇਸ ਤੇ ਕਾਰਵਾਈ ਕਰਦਿਆਂ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਦੀ ਟੀਮ ਬਣਾਕੇ ਛਾਪੇਮਾਰੀ ਲਈ ਭੇਜ ਦਿੱਤੀ ਹੈ। ਉਨ੍ਹਾਂ ਦੀ ਰਿਪੋਰਟ ਆਉਣ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਦੋਸ਼ੀਆਂ ਵਿਰੁੱਧ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸ ਗਡਾਊਨ ਦੀ ਪਹਿਲਾਂ ਵੀ ਕਈ ਸ਼ਿਕਾਇਤਾਂ ਸਾਹਮਣੇ ਆ ਚੁੱਕੀਆਂ ਹਨ। ਸ਼ੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਸਬੰਧੀ ਸਬੰਧਤ ਖੁਰਾਕ ਇੰਸਪੈਕਟਰ ਸੁਨੀਲ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤਾਂ ਉਹਨਾਂ ਦੱਸਿਆ ਕਿ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ। ਇਹ ਸਰਾਸਰ ਝੂਠ ਹੈ ਇਸ ਵਿਚ ਕੋਈ ਵੀ ਸੱਚਾਈ ਨਹੀਂ ਹੈ। ਵਾਇਰਲ ਵੀਡੀਓ ਵਿਚ ਜਦ ਕਿ ਖੁੱਦ ਇੰਸਪੈਕਟਰ ਸੁਨੀਲ ਦਿਖਾਈ ਦੇ ਰਹੇ ਹਨ ਉਸ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਠੋਸ ਜਵਾਬ ਨਹੀਂ ਦੇ ਸਕੇ।
