ਪੰਜਾਬ : ਆਯੂਸ਼ਮਾਨ ਕਾਰਡ ਬਣਾਉਣ ਨੂੰ ਲੈ ਕੇ ਪ੍ਰਸ਼ਾਸਨ ਨੇ ਕੀਤਾ ਐਲਾਨ

ਪੰਜਾਬ : ਆਯੂਸ਼ਮਾਨ ਕਾਰਡ ਬਣਾਉਣ ਨੂੰ ਲੈ ਕੇ ਪ੍ਰਸ਼ਾਸਨ ਨੇ ਕੀਤਾ ਐਲਾਨ

ਮੋਗਾ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵੱਧ ਤੋਂ ਵੱਧ ਯੋਗ ਲਾਭਪਾਤਰੀਆਂ ਦੇ ਕਾਰਡ ਬਣਾਉਣ ਦੇ ਮਕਸਦ ਵਜੋਂ ਚਲਾਈ ਗਈ ਲੱਕੀ ਡਰਾਅ ਸਕੀਮ ਦੀ ਆਖਰੀ ਮਿਤੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਪਹਿਲਾਂ ਪੰਜਾਬ ਸਰਕਾਰ ਵੱਲੋਂ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਬਨਾਉਣ ਲਈ 30 ਨਵੰਬਰ ਤੱਕ ਅਪਲਾਈ ਕਰਨ ਵਾਲੇ ਲਾਭਪਾਤਰੀਆਂ ਨੂੰ ਲੱਕੀ ਡਰਾਅ ਰਾਹੀਂ ਨਗਦ ਇਨਾਮਾਂ ਦੀ ਵੰਡ ਕੀਤੀ ਜਾਣੀ ਸੀ। ਹੁਣ 31 ਦਸੰਬਰ, 2023 ਤੱਕ ਕਾਰਡ ਲਈ ਅਪਲਾਈ ਕਰਨ ਵਾਲੇ ਲਾਭਪਾਤਰੀਆਂ ਨੂੰ ਵੀ ਇਸ ਲੱਕੀ ਡਰਾਅ ਸਕੀਮ ਲਈ ਵਿਚਾਰਿਆ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਸਟੇਟ ਹੈਲਥ ਏਜੰਸੀ, ਪੰਜਾਬ ਵੱਲੋਂ ਹੁਣ ਉਕਤ ਮਿਤੀ ਤੱਕ ਕਾਰਡ ਬਣਾਉਣ ਵਾਲੇ ਸਾਰੇ ਲਾਭਪਾਤਰੀਆਂ ਵਿੱਚੋਂ 10 ਲੋਕਾਂ ਨੂੰ ਲੱਕੀ ਡਰਾਅ ਦੇ ਜ਼ਰੀਏ ਨਗਦ ਇਨਾਮ ਦਿੱਤੇ ਜਾਣਗੇ। ਜਿਸ ਵਿੱਚ ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50 ਹਜ਼ਾਰ ਰੁਪਏ, ਤੀਜਾ ਇਨਾਮ 25 ਹਜ਼ਾਰ

ਰੁਪਏ, ਚੌਥਾ ਇਨਾਮ 10 ਹਜ਼ਾਰ ਰੁਪਏ, ਪੰਜਵਾਂ ਇਨਾਮ 8 ਹਜ਼ਾਰ ਰੁਪਏ, ਛੇਵਾਂ ਤੋਂ ਦਸਵਾਂ ਇਨਾਮ 5 ਹਜ਼ਾਰ ਰੁਪਏ ਹਨ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਵੈਬਸਾਈਟ www.sha.punjab.gov.in ਉੱਪਰ ਪਹੁੰਚ ਕੀਤੀ ਜਾ ਸਕਦੀ ਹੈ। ਘਰ ਬੈਠੇ ਆਯੂਸ਼ਮਾਨ ਕਾਰਡ ਬਣਾਉਣ ਲਈ ''ਆਯੂਸ਼ਮਾਨ ਐਪ'' ਡਾਊਨਲੋਡ ਕੀਤਾ ਜਾ ਸਕਦਾ ਹੈ ਜਾਂ ਨਜਦੀਕੀ ਆਸ਼ਾ ਵਰਕਰ/ਸੂਚੀ ਬੱਧ ਹਸਪਤਾਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਲਾਭਪਾਤਰੀ ਕਾਰਡ ਬਣਾਉਣ ਲਈ https://beneficiary.nha.gov.in ਤੇ ਜਾ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ 31 ਦਸੰਬਰ ਤੱਕ ਆਯੂਸ਼ਮਾਨ ਕਾਰਡ ਲਈ ਅਪਲਾਈ ਕਰਕੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣਾ ਯਕੀਨੀ ਬਣਾਇਆ ਜਾਵੇ।