ਫਿਰੋਜ਼ਪੁਰ: ਸ਼ਹਿਰ ਦੀ ਭਾਰਤ ਪਾਕਿਸਤਾਨ ਸਰਹੱਦ ਤੋਂ ਬੀਐਸਐਫ ਨੇ ਤਿੰਨ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਤਿੰਨ ਨੌਜਵਾਨ ਜ਼ੀਰੋ ਲਾਇਨ ਦੇ ਨਜ਼ਦੀਕ ਪਾਏ ਗਏ ਸਨ। ਜਿਨ੍ਹਾਂ ਨੂੰ ਬੀਐਸਐਫ ਨੇ ਗਿਰਫਤਾਰ ਕਰ ਲਿਆ ਅਤੇ ਜਦ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਇਹਨਾਂ ਕੋਲੋਂ 14 ਗ੍ਰਾਮ ਹੈਰੋਇਨ, 5 ਮੋਬਾਈਲ ਫੋਨ, ਇੱਕ ਬੈਗ,ਪੈਨ ਕਾਰਡ, ਅਧਾਰ ਕਾਰਡ, ਵੋਟਰ ਆਈਡੀ ਕਾਰਡ ਬਰਾਮਦ ਕੀਤਾ ਗਿਆ। ਜਿਸ ਤੋਂ ਬਾਅਦ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਫਿਰੋਜ਼ਪੁਰ ਦੇ ਥਾਣਾ ਸਦਰ ਦੀ ਪੁਲਿਸ ਦੇ ਹਵਾਲੇ ਕੀਤਾ ਗਿਆ।
ਭਾਰਤ-ਪਾਕਿਸਤਾਨ ਸਰਹੱਦ ਤੋਂ ਗਿਰਫਤਾਰ ਕੀਤੇ ਤਿੰਨ ਨੌਜਵਾਨਾਂ ਨੂੰ ਲੈਕੇ ਜਦੋਂ ਥਾਣਾ ਸਦਰ ਦੇ ਐਸ.ਐਚ.ਓ. ਰਵੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੀਐਸਐਫ ਨੇ ਤਿੰਨ ਨੌਜਵਾਨਾਂ ਨੂੰ ਸਰਹੱਦ ਤੋਂ ਕਾਬੂ ਕੀਤਾ ਹੈ। ਜਿਨ੍ਹਾਂ ਨੂੰ ਬੀਐਸਐਫ ਨੇ ਉਨ੍ਹਾਂ ਦੇ ਹਵਾਲੇ ਕੀਤਾ ਗਿਆ ਹੈ ਅਤੇ ਕਾਰਵਾਈ ਕਰਦਿਆਂ ਇਹਨਾਂ ਤਿੰਨ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਮਾਨਯੋਗ ਅਦਾਲਤ ਤੋਂ ਰਿਮਾਂਡ ਹਾਸਿਲ ਕਰ ਇਹਨਾਂ ਕੋਲੋਂ ਹੋਰ ਵੀ ਪੁਛਗਿੱਛ ਕੀਤੀ ਜਾਵੇਗੀ।
