ਬਟਾਲਾ : ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਅਧੀਨ ਆਮ ਆਦਮੀ ਪਾਰਟੀ ਦੇ ਆਗੂਆਂ ਵਿਚਾਲੇ ਪਾਟੋ-ਧਾੜ ਹੱਦਾਂ ਬੰਨੇ ਟੱਪ ਗਈ ਹੈ। ਹਲਕਾ ਫਤਿਹਗੜ੍ਹ ਚੂੜੀਆਂ ਦੇ ਇਕ ਸੀਨੀਅਰ ਅਤੇ ਪੁਰਾਣੇ ਟਕਸਾਲੀ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰਾਂ ਦੀ ਹਲਕੇ ਦੇ ਇਕ ਪਿੰਡ ਚ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਥਿਤ ਤੌਰ ਤੇ ਭਾਰੀ ਕੁੱਟਮਾਰ ਕਰਨ, ਦਸਤਾਰ ਦੀ ਬੇਅਦਬੀ ਕਰਨ ਦਾ ਮਾਮਲਾ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਪਿੰਡ ਬੱਲ ਪੂਰੀਆਂ ਦੀ ਦੱਸੀ ਜਾ ਰਹੀ ਹੈ। ਆਪਣੇ ਨਾਲ ਹੋਈ ਕੁੱਟਮਾਰ ਅਤੇ ਦਸਤਾਰ ਦੀ ਬੇਅਦਬੀ ਨੂੰ ਲੈ ਕੇ ਤਰਲੋਕ ਸਿੰਘ ਭਾਗੋਵਾਲ ਆਪਣੇ ਸਾਥੀਆਂ ਅਤੇ ਵਰਕਰਾਂ ਸਮੇਤ ਇਨਸਾਫ ਦੀ ਮੰਗ ਨੂੰ ਲੈ ਕੇ ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੂੰ ਮਿਲੇ।
ਐਸਐਸਪੀ ਬਟਾਲਾ ਅਸ਼ਵਨੀ ਗੋਟਿਆਲ ਨੂੰ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਆਪਣੀ ਹੱਡ ਬੀਤੀ ਸੁਣਾਉਂਦਿਆਂ ਤਰਲੋਕ ਸਿੰਘ ਭਾਗੋਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਪੰਜਾਬ ਅਡਵਾਂਸ ਟੀਮ ਦੇ ਕੁਆਰਡੀਨੇਟਰ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਪਿੰਡ ਬੱਲਪੁਰੀਆਂ ਵਿਖੇ ਆਪਣੇ ਇਕ ਸਾਥੀ ਦੇ ਘਰ ਗਏ ਹੋਏ ਸਨ। ਉਨ੍ਹਾਂ ਕਥਿਤ ਦੋਸ਼ ਲਗਾਇਆ ਕਿ ਹਲਕੇ ਦੇ ਇੰਚਾਰਜ ਦੇ ਹਮਾਇਤੀਆਂ ਨੇ ਸੋਚੀ ਸਮਝੀ ਸਾਜਿਸ਼ ਤਹਿਤ ਇੱਕ ਘਰ ਅੰਦਰ ਡੱਕ ਕੇ ਉਸਦੀ ਅਤੇ ਉਸ ਦੇ ਇਕ ਹੋਰ ਸਾਥੀ ਦੀ ਬੁਰੀ ਤਰਾਂ ਕੁਟਮਾਰ ਅਤੇ ਪੱਗ ਦੀ ਬੇਅਦਬੀ ਕੀਤੀ।
ਭਾਗੋਵਾਲ ਨੇ ਅੱਗੇ ਦੱਸਿਆ ਕਿ ਮੌਕੇ ਤੇ ਪੁਲਿਸ ਮੌਜੂਦ ਸੀ ਅਤੇ ਉਨ੍ਹਾਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ, ਉਲਟਾ ਉਹਨਾਂ ਨੂੰ ਪੁਲੀਸ ਚੌਕੀ ਸਰੂਪਵਾਲੀ ਵਿਖੇ ਛੇ ਘੰਟੇ ਬੈਠਾਈ ਰੱਖਿਆ। ਉਨ੍ਹਾਂ ਨੇ ਆਪਣੇ ਨਾਲ ਵਰਕਰ ਰਕੇਸ਼ ਕੁਮਾਰ ਦੀ ਹੋਈ ਕੁੱਟਮਾਰ ਦੇ ਨਿਸ਼ਾਨ ਦਿਖਾਉਂਦਾ ਕਿਹਾ ਕਿ ਉਨ੍ਹਾਂ ਉਤੇ ਬੇਹਿਤਾਸ਼ਾ ਤਸ਼ੱਦਦ ਕੀਤਾ ਗਿਆ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਕਤ ਮਾਮਲੇ ਦੇ ਸਬੰਧ ਵਿਚ ਥਾਣਾ ਸਦਰ ਦੇ ਐਸਐਚਓ ਸੁਰਿੰਦਰਪਾਲ ਸਿੰਘ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਦੇ ਬਿਆਨ ਲਏ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਪਰ ਐਸ ਐਚ ਓ ਇਸ ਮਾਮਲੇ ਚ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰੀ ਨਜਰ ਆਏ।
