ਕੋਟਕਪੂਰਾ : ਇਸ ਵਕਤ ਪੰਜਾਬ ਚ ਪਰਾਲੀ ਨੂੰ ਅੱਗ ਲਗਾਉਣ ਦਾ ਮੁੱਦਾ ਕਾਫੀ ਚਰਚਾ ਚ ਹੈ। ਭਾਵੇਂ ਸਰਕਾਰ ਵਲੋਂ ਪਰਾਲੀ ਨਾਂ ਸਾੜਨ ਨੂੰ ਲੈ ਕੇ ਸਖਤ ਹਦਾਇਤਾਂ ਜ਼ਾਰੀ ਹੋ ਚੁੱਕੀਆਂ ਹਨ। ਇਸਦੇ ਬਾਵਜੂਦ ਵੀ ਪੰਜਾਬ ਚ ਝੋਨੇ ਦੀ ਪਰਾਲੀ ਨੂੰ ਸਾੜਿਆ ਜਾ ਰਿਹਾ। ਉਥੇ ਹੀ ਕੁਝ ਕਿਸਾਨ ਅਜਿਹੇ ਵੀ ਹਨ, ਜੋ ਅੱਜ ਵੀ ਪਰਾਲੀ ਨੂੰ ਅੱਗ ਨਾਂ ਲਗਾ ਕੇ ਕਣਕ ਦੀ ਬਿਜਾਈ ਕਰ ਰਹੇ ਹਨ। ਅਜਿਹੀ ਇੱਕ ਮਿਸਾਲ ਦੇਖਣ ਨੂੰ ਮਿਲੀ ਕੋਟਕਪੂਰਾ ਦੇ ਪਿੰਡ ਬੱਗੇਆਣਾ ਦੇ ਕਿਸਾਨ ਜਗਸੀਰ ਸਿੰਘ ਤੋਂ ਜੋ ਪੰਜਾਬ ਦਾ ਪਹਿਲਾ ਕਿਸਾਨ ਹੋਵੇਗਾ। ਜਿਸਨੇ ਪਿਛਲੇ 25 ਸਾਲ ਦੇ ਕਰੀਬ ਤੋਂ ਆਪਣੇ ਖੇਤ ਚ ਅੱਗ ਨਹੀਂ ਬਲਣ ਦਿੱਤੀ। ਜਾਣੀਕੇ ਪਰਾਲੀ ਨੂੰ ਅੱਗ ਨਹੀਂ ਲਗਾਈ, ਜਦੋ ਸਾਡੀ ਟੀਮ ਉਕਤ ਕਿਸਾਨ ਦੇ ਖੇਤ ਪਹੁੰਚੀ ਤਾਂ ਕਿਸਾਨ ਨੇ ਦੱਸਿਆ ਕਿ ਉਹ ਪਹਿਲੀ ਵਾਰ ਕੈਮਰੇ ਸਾਹਮਣੇ ਆ ਰਿਹਾ ਹੈ। ਉਥੇ ਹੀ ਇਸ ਮੌਕੇ ਫੀਲਡ ਦੇ ਵਿੱਚ ਪਰਾਲੀ ਨੂੰ ਅੱਗ ਨਾਂ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਖੇਤੀਬਾੜੀ ਵਿਭਾਗ ਆਤਮਾ ਦੇ ਅਧਿਕਾਰੀ ਅਤੇ ਤਹਿਸੀਲਦਾਰ ਖੁਦ ਆਪਣੀ ਟੀਮ ਨਾਲ ਲੰਘਣ ਲੱਗੇ, ਕਿਸਾਨ ਦੇ ਖੇਤ ਚ ਪਹੁੰਚ ਗਏ। ਇੰਨੇ ਲੰਬੇ ਸਮੇਂ ਦੇ ਉਪਰਾਲੇ ਲਈ ਕਿਸਾਨ ਦੀ ਸੋਚ ਦੀ ਸ਼ਲਾਘਾ ਕਰਦਿਆਂ ਕਿਸਾਨ ਨੂੰ ਹੌਸਲਾ ਅਫ਼ਜਾਈ ਲਈ ਕੀਤੀ। ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੋਰਨਾਂ ਕਿਸਾਨਾਂ ਨੂੰ ਅਜਿਹੇ ਕਿਸਾਨਾਂ ਤੋਂ ਸੇਧ ਲੈਣ ਲਈ ਅਪੀਲ ਕੀਤੀ।
ਇਸ ਮੌਕੇ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਸਨੇ ਜਦੋ 1995/1996 ਚ ਗਰੈਜੂਏਸ਼ਨ ਕਪਲੀਟ ਕਰਕੇ ਖੇਤੀ ਕਰਨੀ ਸ਼ੁਰੂ ਕੀਤੀ ਸੀ। ਉਸ ਵਕਤ ਹੀ ਸੋਚ ਲਿਆ ਸੀ ਕਿ ਉਹ ਪਰਾਲੀ ਨਹੀਂ ਸਾੜੇਗਾ। ਕਿਉਂਕਿ ਉਸਨੂੰ ਵਾਤਾਵਰਨ ਨਾਲ ਛੋਟੇ ਹੁੰਦੇ ਹੀ ਬਹੁਤ ਪ੍ਰੇਮ ਸੀ। ਇਸ ਕਰਕੇ ਉਸਨੇ ਆਪਣੇ ਖੇਤ ਚ ਅੱਗ ਨਹੀਂ ਲਗਾਈ। ਉਨ੍ਹਾਂ ਦਸੀਆ ਕਿ ਉਸਨੂੰ ਅੱਗ ਨਾ ਲਗਾਉਣ ਦੇ ਬਹੁਤ ਫਾਇਦੇ ਹੋਏ ਹਨ। ਅੱਜ ਵੀ ਮਿੱਤਰ ਕੀੜੇ ਵਡੀ ਤਦਾਦ ਚ ਉਸਦੇ ਖੇਤ ਵਿੱਚ ਮਜ਼ੂਦ ਨੇ। ਉਸਦਾ ਖੇਤ ਦੀ ਮਿੱਟੀ ਬਿਲਕੁੱਲ ਅੱਜ ਤੱਕ ਸਖਤ ਨਹੀਂ ਹੋਈ। ਉਨ੍ਹਾਂ ਦੱਸਿਆ ਕੇ ਇਸਦੇ ਨਾਲ ਖੇਤੀਬਾੜੀ ਵਿਭਾਗ, ਆਤਮਾ ਦਾ ਬਹੁਤ ਵੱਡਾ ਸਾਥ ਰਿਹਾ। ਉਨ੍ਹਾਂ ਕਿਹਾ ਕੇ ਜੋ ਕਿਸਾਨ ਅੱਜ ਵੀ ਅੱਗ ਲਗਾਉਂਦੇ ਨੇ ਜਾਂ ਉਨ੍ਹਾਂ ਦੀ ਮਜਬੂਰੀ ਹੈ ਜਾਂ ਉਨ੍ਹਾਂ ਨੂੰ ਆਪਣੇ ਖੇਤ ਨਾਲ ਪਿਆਰ ਨਹੀਂ। ਕਿਉਂਕਿ ਜੇ ਅਗ ਲਗਾਉਣੀ ਬੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਚ ਜਮੀਨ ਫਸਲ ਯੋਗ ਨਹੀਂ ਰਹੇਗੀ। ਇਸ ਮੌਕੇ ਤਹਸੀਲਦਾਰ ਪਰਮਜੀਤ ਸਿੰਘ ਬਰਾੜ ਅਤੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਅਮਨ ਕੇਸ਼ਵ ਨੇ ਦੱਸਿਆ ਕਿ ਉਹ ਖੇਤਾਂ ਚ ਕਿਸਾਨਾਂ ਨੂੰ ਜਾਗਰੂਕ ਕਰਨ ਉਨ੍ਹਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਲਗਾਤਰ ਉਨ੍ਹਾਂ ਨਾਲ ਖੇਤਾਂ ਚ ਜਾਕੇ ਰਾਬਤਾ ਬਣਾ ਰਹੇ ਹਨ ਤਾਂ ਜੋ ਪਰਾਲੀ ਨੂੰ ਅਗ ਨਾਂ ਲਗਾਈ ਜਾਵੇ ਇਸਦੇ ਚਲਦੇ ਉਹ ਇਸ ਕਿਸਾਨ ਦੀ ਹੌਸਲਾ ਅਫ਼ਜਾਈ ਕਰਨ ਲਈ ਖੇਤ ਚ ਪਹੁੰਚੇ ਹਨ,ਉਨ੍ਹਾਂ ਕਿਸਾਨ ਜਗਸੀਰ ਸਿੰਘ ਦੇ ਇਸ ਲੰਬੇ ਸਫ਼ਰ ਦੀ ਬਗੈਰ ਅੱਗ ਲਗਾਏ ਖੇਤੀ ਕਰਨ ਦੀ ਸ਼ਲਾਘਾ ਕੀਤੀ।