ਕਪੂਰਥਲਾ : ਪਿੰਡ ਬਾਗਵਾਨਪੁਰ ਦੇ ਨੌਜਵਾਨ ਵਿਅਕਤੀ ਸੁੰਦਰ ਸਿੰਘ ਉਰਫ ਜੱਗੂ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੁੰਦਰ ਸਿੰਘ ਉਰਫ ਜੱਗੂ ਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਜੋ ਕਿ ਕਥਿਤ ਤੌਰ ਤੇ ਪਿੰਡ ਸਿੱਧਵਾਂ ਰੋਡ ‘ਤੇ ਇਕ ਮੋਟਰ ‘ਤੇ ਨਸ਼ੇ ਦੇ ਟੀਕੇ ਲਗਾ ਰਹੇ ਸਨ। ਸੁੰਦਰ ਸਿੰਘ ਉਰਫ ਜੱਗੂ ਨਸ਼ੇ ਦੀ ਓਵਰਡੋਜ਼ ਲੈਣ ਕਰਕੇ ਬੇਹੋਸ਼ ਹੋ ਗਿਆ ਤੇ ਉਸਦਾ ਨਾਲਦਾ ਸਾਥੀ ਕੁਲਵਿੰਦਰ ਸਿੰਘ ਫ਼ਰਾਰ ਹੋ ਗਿਆ। ਜਦੋਂ ਰਸਤੇ ‘ਚ ਜਾ ਰਹੇ ਕਿਸੇ ਵਿਅਕਤੀ ਨੇ ਸੁੰਦਰ ਸਿੰਘ ਨੂੰ ਮੋਟਰ ‘ਤੇ ਬੇਹੋਸ਼ੀ ਦੀ ਹਾਲਤ ‘ਚ ਦੇਖਿਆ ਤਾਂ ਉਸ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ।
ਜਦੋਂ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਸਿਵਲ ਹਸਪਤਾਲ ਭੁਲੱਥ ਵਿਖੇ ਲੈ ਕੇ ਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਬਾਅਦ ‘ਚ ਭੁਲੱਥ ਪੁਲਿਸ ਵੱਲੋਂ ਸੁੰਦਰ ਸਿੰਘ ਦਾ ਮਿ੍ਤਕ ਸਰੀਰ ਪੋਸਟਮਾਰਟਮ ਲਈ ਕਪੂਰਥਲਾ ਵਿਖੇ ਭੇਜ ਦਿੱਤਾ ਗਿਆ। ਜਦੋਂ ਇਸ ਸਬੰਧੀ ਥਾਣਾ ਭੁਲੱਥ ਦੇ ਐੱਸਐੱਚਓ ਗੌਰਵ ਧੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਮੌਤ ਦੇ ਕਾਰਨ ਦਾ ਪਤਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਇਲਾਕੇ ਅੰਦਰ ਵੱਧ ਰਹੀ ਨਸ਼ਿਆਂ ਦੀ ਭਰਮਾਰ ਚਿੰਤਾ ਦਾ ਵੱਡਾ ਵਿਸ਼ਾ ਬਣ ਚੁੱਕਿਆ ਹੈ, ਕਿਉਂਕਿ ਕੁਝ ਦਿਨ ਪਹਿਲਾਂ ਰਾਏਪੁਰ ਪੀਰ ਬਖਸ਼ ਵਾਲਾ ਦੇ ਦੋ ਨੌਜਵਾਨ ਨਸ਼ੇ ਦੀ ਓਵਰਡੋਜ਼ ਕਰਕੇ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ।