ਸ੍ਰੀ ਮੁਕਤਸਰ ਸਾਹਿਬ: ਡਰੱਗ ਇੰਸਪੈਕਟਰ ਹਰਿਤਾ ਬਾਂਸਲ ਵੱਲੋਂ ਅੱਜ ਗਿੱਦੜਬਾਹਾ ਦੇ ਠਾਕੁਰ ਮੁੱਹਲੇ ਵਿਚ ਸਥਿਤ ਇਕ ਮੈਡੀਕਲ ਹਾਲ ਨੂੰ ਪਾਬੰਦੀਸ਼ੂਦਾ ਦਵਾਈ ਵੇਚਣ ਦੇ ਚੱਲਦਿਆਂ ਸੀਲ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਰੱਗ ਇੰਸਪੈਕਟਰ ਮੈਡਮ ਹਰਿਤਾ ਬਾਂਸਲ ਨੇ ਦੱਸਿਆ ਕਿ ਵਿਭਾਗ ਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਗਿੱਦੜਬਾਹਾ ਦੇ ਠਾਕੁਰ ਮੁਹੱਲਾ ਸਥਿਤ ਕੇ.ਏ. ਮੈਡੀਕਲ ਹਾਲ ‘ਤੇ ਪਾਬੰਦੀਸ਼ੂਦਾ ਦਵਾਈ ਪ੍ਰੀਗਾਬਾਲਿਨ ਵੇਚੀ ਜਾ ਰਹੀ ਹੈ। ਜਿਸ ‘ਤੇ ਕਾਰਵਾਈ ਕਰਦੇ ਹੋਏ ਬੀਤੀ 19 ਮਈ ਨੂੰ ਉਨ੍ਹਾਂ ਵੱਲੋਂ ਉਕਤ ਦੁਕਾਨ ਦੀ ਚੈਕਿੰਗ ਕਰਕੇ ਪ੍ਰੀਗਾਬਾਲਿਨ ਦਵਾਈ ਬਰਾਮਦ ਕੀਤੀ ਸੀ।
ਜਿਸ ‘ਤੇ ਵਿਭਾਗ ਵੱਲੋਂ ਕੇ.ਏ. ਮੈਡੀਕਲ ਹਾਲ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ ਪਰੰਤੂ ਦੁਕਾਨ ਦੇ ਮਾਲਕ ਵਿਜੇ ਕੁਮਾਰ ਵੱਲੋਂ ਉਕਤ ਨੋਟਿਸ ਦੇ ਬਾਵਜੂਦ ਵੀ ਪਾਬੰਦੀਸ਼ੂਦਾ ਪ੍ਰੀਗਾਬਾਲਿਨ ਦਵਾਈ ਨੂੰ ਬੱਚਿਆਂ ਅਤੇ ਵੱਡਿਆਂ ਨੂੰ ਵੇਚਣਾ ਜਾਰੀ ਰੱਖਿਆ। ਅੱਜ ਇਸ ਸੰਬੰਧੀ ਮੁੜ ਸ਼ਿਕਾਇਤ ਪ੍ਰਾਪਤ ਹੋਣ ‘ਤੇ ਉਨ੍ਹਾਂ ਦੁਕਾਨ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਪ੍ਰੀਗਾਬਾਲਿਨ ਸਾਲਟ ਦੇ ਕੁੱਲ 6 ਡੱਬੇ ਬਰਾਮਦ ਹੋਏ, ਜਿਸ ਦੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਉਕਤ ਕੇ.ਏ. ਮੈਡੀਕਲ ਹਾਲ ਨੂੰ ਅਗਲੇ ਹੁਕਮਾ ਤੱਕ ਸੀਲ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

