ਕੋਟਕਪੂਰਾ : ਕੋਟਕਪੂਰਾ ਸ਼ਹਿਰ ਦੇ ਸਿੱਖਾਂ ਵਾਲਾ ਰੋਡ ‘ਤੇ ਸਥਿਤ ਮੁਹੱਲਾ ਪ੍ਰੇਮ ਨਗਰ ਵਿਖੇ ਦਿਨ-ਦਿਹਾੜੇ ਇੱਕ ਘਰ ਵਿੱਚ ਚੋਰੀ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਪ੍ਰੇਮ ਨਗਰ ਦੇ ਗੁਰੂ ਰਵਿਦਾਸ ਮੰਦਰ ਦੇ ਸਾਹਮਣੇ ਮੇਹਰ ਸਿੰਘ ਮਿਸਤਰੀ ਵਾਲੀ ਗਲੀ ਦੇ ਇੱਕ ਘਰ ਵਿੱਚ ਉਸ ਸਮੇਂ ਚੋਰੀ ਹੋ ਗਈ, ਜਦ ਘਰ ਦੇ ਬਾਕੀ ਮੈਂਬਰ ਘਰ ਵਿੱਚ ਨਹੀਂ ਸਨ ਅਤੇ ਘਰ ਵਿੱਚ ਮੌਜੂਦ ਇੱਕ ਔਰਤ ਘਰ ਦੇ ਉੱਪਰ ਛੱਤ ‘ਤੇ ਕੁੱਤੇ ਨੂੰ ਰੋਟੀ ਪਾਉਣ ਗਈ ਹੋਈ ਸੀ। ਚੋਰੀ ਦੀ ਇਹ ਘਟਨਾ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਇੱਕ ਅਣਪਛਾਤਾ ਨੌਜਵਾਨ ਘਰ ਵਿੱਚ ਦਾਖਲ ਹੋ ਕੇ ਮਹਿਜ਼ 5-7 ਮਿੰਟ ਵਿੱਚ ਹੀ ਚੋਰੀ ਨੂੰ ਅੰਜਾਮ ਦਿੰਦੇ ਹੋਏ ਘਰ ਦੀ ਅਲਮਾਰੀ ਵਿੱਚੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਲੈ ਕੇ ਰਫੂਚੱਕਰ ਹੋ ਗਿਆ।
ਇਸ ਸਬੰਧ ਵਿੱਚ ਘਰ ਦੇ ਮਾਲਕ ਕੇਵਲ ਕ੍ਰਿਸ਼ਨ ਸ਼ਰਮਾਂ ਨੇ ਦੱਸਿਆ ਕਿ ਉਹ ਘਰ ਵਿੱਚ ਨਹੀਂ ਸੀ ਅਤੇ ਉਸਦੀ ਪਤਨੀ ਦੁਪਹਿਰ 2 ਵਜੇ ਦੇ ਕਰੀਬ ਜਦ ਛੱਤ ‘ਤੇ ਕੁੱਤੇ ਨੂੰ ਰੋਟੀ ਆਦਿ ਪਾਉਣ ਗਈ ਸੀ ਤਾਂ ਇਸ ਦੌਰਾਨ ਇੱਕ ਅਣਪਛਾਤਾ ਲੜਕਾ ਘਰ ਦਾ ਬਾਹਰਲਾ ਗੇਟ ਖੋਲ ਕੇ ਅੰਦਰ ਦਾਖਲ ਹੋਇਆ ਅਤੇ ਘਰ ਦੇ ਕਮਰੇ ਦੀ ਅਲਮਾਰੀ ਨੂੰ ਖੋਲ੍ਹ ਕੇ ਉੱਥੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।