ਅੰਮ੍ਰਿਤਸਰ : ਚੋਰਾਂ ਦੇ ਹੌਸਲੇ ਅੱਜ ਕੱਲ ਇੰਨੇ ਬੁਲੰਦ ਹੁੰਦੇ ਜਾ ਰਹੇ ਹਨ ਕਿ ਚੋਰ ਚੋਰੀ ਕਰਨ ਲੱਗਿਆਂ ਮੰਦਰ ਦਰਗਾਹ ਅਤੇ ਗੁਰਦੁਆਰਿਆਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਚੋਰ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਦਰਗਾਹ ਹਜ਼ਰਤ ਪੀਰ ਬਾਬਾ ਮੀਰ ਸ਼ਾਹ ਜੀ ਦਾ ਹੈ। ਜਿੱਥੇ ਕਿ ਇੱਕ ਚੋਰ ਵੱਲੋਂ ਦਰਗਾਹ ਦੇ ਅੰਦਰ ਚਾਂਦੀ ਦੇ ਮੁਕਟ ਨੂੰ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਦੌਰਾਨ ਦਰਗਾਹ ਤੇ ਮੱਥਾ ਟੇਕਣ ਆਉਣ ਵਾਲੀ ਸੰਗਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਵੀ 27 ਦਸੰਬਰ 2023 ਨੂੰ ਇਸੇ ਦਰਗਾਹ ਤੋਂ ਸਵੇਰ ਸਮੇਂ ਇੱਕ ਮੁਕਟ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਸੰਗਤ ਵੱਲੋਂ ਫਿਰ ਤੋਂ ਇਸ ਦਰਗਾਹ ਦੇ ਉੱਪਰ ਚਾਂਦੀ ਦਾ ਮੁਕਟ ਆਪਣੀ ਸ਼ਰਧਾ ਅਨੁਸਾਰ ਚੜਾਇਆ ਗਿਆ। ਉਹ ਮੁਕਟ ਅੱਜ ਫਿਰ ਚੋਰੀ ਹੋ ਗਿਆ। ਸੰਗਤ ਨੇ ਕਿਹਾ ਕਿ ਦਰਗਾਹ ਦੀ ਪ੍ਰਬੰਧਕ ਕਮੇਟੀ ਦੀ ਆਪਸੀ ਰੰਜਿਸ਼ ਕਰਕੇ ਇੱਥੇ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ।
ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਟਾਈਮ ਤੇ ਚੋਰੀ ਹੋਈ, ਉਸ ਸਮੇਂ ਦਰਗਾਹ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵੀ ਨਹੀਂ ਚੱਲ ਰਹੇ ਸਨ। ਇਸ ਦੇ ਨਾਲ ਹੀ ਸੰਗਤ ਵੱਲੋਂ ਪੁਲਿਸ ਪਾਸੋਂ ਇਨਸਾਫ ਦੀ ਗੁਹਾਰ ਲਗਾਈ ਗਈ। ਦੂਜੇ ਪਾਸੇ ਬਾਬਾ ਮੀਰ ਸ਼ਾਹ ਦਰਗਾਹ ਦੀ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੂਸਰੀ ਵਾਰ ਦਰਗਾਹ ਦੇ ਉੱਪਰ ਚਾਂਦੀ ਦਾ ਮੁਕਟ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਪਹਿਲਾਂ ਵੀ ਇੱਕ ਵਾਰ ਦਰਗਾਹ ਤੇ ਚਾਂਦੀ ਦਾ ਮੁਕਟ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਸੀ। ਹੁਣ ਦਰਗਾਹ ਕਮੇਟੀ ਵੱਲੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਹੈ ਤੇ ਡੀਸੀਪੀ ਲਾ-ਐਂਡ-ਆਰਡਰ ਨੂੰ ਵੀ ਇਸ ਸਬੰਧੀ ਲਿਖਤੀ ਦਰਖਾਸਤ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਸਬੰਧੀ ਸੀਸੀਟੀਵੀ ਕੈਮਰਿਆਂ ਦੀ ਡੀਵੀਆਰ ਵੀ ਪੁਲਿਸ ਨੂੰ ਦੇ ਦਿੱਤਾ ਗਿਆ। ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਜਲਦ ਤੋਂ ਜਲਦ ਆਰੋਪੀ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਕਾਰਵਾਈ ਕਰੇ। ਜਾਂਚ ਦੇ ਲਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਦਰਗਾਹ ਦੇ ਉੱਪਰ ਚਾਂਦੀ ਦਾ ਮੁਕਟ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧ ਦੇ ਵਿੱਚ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰੇ ਦੇਖੇ ਤਾਂ ਉਸਦੀ ਹਾਰਡ ਡਿਸਕ ਕਰਪਟ ਹੋ ਗਈ ਹੈ। ਹਾਰਡ ਡਿਸਕ ਰਿਕਵਰੀ ਦੇ ਲਈ ਭੇਜ ਦਿੱਤੀ ਹੈ। ਜਲਦ ਹੀ ਚੋਰ ਦੀ ਪਹਿਚਾਣ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ।
