ਗੁਰਦਾਸਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਅੰਦਰ ਕਣਕ ਦੀ ਖਰੀਦ ਦਾ ਕੰਮ ਨਿਰਵਿਘਨ ਅਤੇ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਮੰਡੀਆਂ ਅੰਦਰ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਜਾ ਰਹੀ ਕਣਕ ਨੂੰ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਨਾਲੋ-ਨਾਲ ਖਰੀਦਿਆ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਮੰਡੀ ਅੰਦਰੋਂ ਫਸਲ ਦੀ ਢੋਆ ਢੁਆਈ ਦੀ ਤਾਂ ਗੁਰਦਾਸਪੁਰ ਮੰਡੀ ਅੰਦਰ ਸਰਕਾਰੀ ਬੋਰੀਆਂ ਅੰਦਰ ਭਰੀ ਪਈ ਫਸਲ ਦੇ ਅੰਬਾਰ ਲੱਗੇ ਨਜਰ ਆ ਰਹੇ ਹਨ, ਖੁੱਲ੍ਹੇ ਅਸਮਾਨ ਥੱਲੇ ਫਸਲ ਦੇ ਅੰਬਾਰ ਰੱਬ ਆਸਰੇ ਹੀ ਹਨ ਕਿਉਕਿ ਮੌਸਮ ਵਿਭਾਗ ਦੇ ਅਨੁਸਾਰ ਅਗਲੇ ਚਾਰ ਤੋਂ ਪੰਜ ਦਿਨ ਮੌਸਮ ਖਰਾਬ ਰਹਿਣ ਦੇ ਅਸਾਰ ਬਣੇ ਰਹਿਣਗੇ ਅਤੇ ਭਾਰੀ ਬਰਸਾਤ ਵੀ ਹੋ ਸਕਦੀ ਹੈ ਜਿਸਦੇ ਕਾਰਨ ਗੁਰਦਾਸਪੁਰ ਮੰਡੀ ਅੰਦਰ ਪਈ ਫਸਲ ਖਰਾਬ ਹੋ ਜਾਵੇਗੀ ਅਤੇ ਜਿਥੇ ਆੜ੍ਹਤੀਆ ਨੂੰ ਨੁਕਸਾਨ ਹੋਵੇਗਾ ਓਥੇ ਹੀ ਸਰਕਾਰ ਨੂੰ ਵੱਡਾ ਨੁਕਸਾਨ ਉਠਾਉਣਾ ਪਵੇਗਾ।
ਗੁਰਦਾਸਪੁਰ ਅਨਾਜ ਮੰਡੀ ਅੰਦਰ ਪਹੁੰਚ ਕੇ ਜਦੋ ਸਾਡੀ ਟੀਮ ਨੇ ਜਾਇਜਾ ਲੈਂਦੇ ਹੋਏ ਆੜ੍ਹਤੀਆ ਨਾਲ ਗੱਲਬਾਤ ਕੀਤੀ ਤਾਂ ਆੜ੍ਹਤੀਆ ਦਾ ਕਹਿਣਾ ਸੀ ਕਿ ਖਰੀਦ ਪ੍ਰਬੰਧ ਮੁਕੰਮਲ ਹਨ ਸਰਕਾਰ ਵਲੋਂ ਕੋਈ ਕਮੀ ਨਹੀਂ ਲੇਕਿਨ ਖਰੀਦ ਹੋ ਚੁਕੀ ਫਸਲ ਨੂੰ ਸਰਕਾਰੀ ਗੋਦਾਮ ਤੱਕ ਪਹੁੰਚਾਉਣ ਲਈ ਢੋਆ ਢੁਆਈ ਪੂਰਨ ਰੂਪ ਚ ਨਹੀਂ ਹੋ ਰਹੀ ਜਿਸ ਕਾਰਨ ਗੁਰਦਾਸਪੁਰ ਮੰਡੀ ਅੰਦਰ ਫਸਲ ਦੇ ਅੰਬਾਰ ਲਗ ਚੁਕੇ ਹਨ, ਓਹਨਾਂ ਕਿਹਾ ਕਿ ਅਗਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸਦਾ ਜਿੰਮੇਦਾਰ ਟਰਾਂਸਪੋਰਟ ਠੇਕੇਦਾਰ ਹੋਵੇਗਾ, ਕਿਉਂਕਿ ਠੇਕੇਦਾਰ ਕੋਲ ਟਰਾਂਸਪੋਰਟ ਦੇ ਮੁਕੰਮਲ ਪ੍ਰਬੰਧ ਨਹੀਂ ਹਨ ਜਿਸ ਕਾਰਨ ਮੁਸ਼ਕਿਲਾਂ ਆੜ੍ਹਤੀਆ ਨੂੰ ਅਤੇ ਲੇਬਰ ਨੂੰ ਉਠਾਉਣਾ ਪੈ ਰਿਹਾ ਹੈ ਉਹਨਾਂ ਕਿਹਾ ਕਿ ਖਰੀਦ ਅਨੁਸਾਰ ਫਸਲ ਦੀ ਕੇਵਲ 10% ਢੁਆਈ ਹੀ ਅਜੇ ਤਕ ਹੋ ਪਾਈ ਹੈ
ਓਥੇ ਹੀ ਇਸ ਮਸਲੇ ਨੂੰ ਲੈਕੇ ਗੁਰਦਾਸਪੁਰ ਮੰਡੀ ਦੇ ਟਰਾਂਸਪੋਰਟ ਠੇਕੇਦਾਰ ਪੰਕਜ ਨੇ ਕਿਹਾ ਕਿ ਉਹਨਾਂ ਕੋਲ ਫਸਲ ਦੀ ਢੋਆ ਢੁਆਈ ਲਈ ਪੁਖਤਾ ਇੰਤਜ਼ਾਮ ਦੇ ਚਲਦੇ ਟਰੱਕ ਪੁਰੀ ਗਿਣਤੀ ਨਾਲ ਮਜ਼ੂਦ ਹਨ ਪਰ ਕੀਤੇ ਨਾ ਕੀਤੇ ਲੇਬਰ ਘੱਟ ਹੋਣ ਕਾਰਨ ਮੁਸ਼ਕਿਲਾਂ ਆ ਰਹੀਆਂ ਹਨ ਪਰ ਅੱਜ ਤੋਂ ਲੇਬਰ ਕੰਮ ਕਰ ਰਹੀ ਹੈ ਅਤੇ ਜਲਦ ਹੀ ਸਾਰੀ ਫਸਲ ਦੀ ਢੋਆ ਢੁਆਈ ਜਲਦ ਹੀ ਪੁਰੀ ਕਰ ਲਈ ਜਾਵੇਗੀ। ਓਥੇ ਹੀ ਲੇਬਰ ਦੇ ਠੇਕੇਦਾਰ ਬਲਵਿੰਦਰਜੀਤ ਸਿੰਘ ਦਾ ਕਹਿਣਾ ਸੀ ਕਿ ਲੇਬਰ ਦੀ ਕੋਈ ਕਮੀ ਨਹੀਂ ਹੈ ਲੇਕਿਨ ਮੰਡੀ ਵਿੱਚ ਖਰੀਦ ਹੀ ਲੇਟ ਸ਼ੁਰੂ ਹੋਈ ਹੈ ਅਤੇ ਇਕ ਗੱਡੀ ਨੂੰ ਲੋਡ ਕਰਨ ਅਤੇ ਅਨ ਲੋਡ ਕਰਨ ਲਈ ਵੀ ਸਮਾਂ ਲਗਦਾ ਹੈ ਜਿਸ ਕਾਰਨ ਇਹ ਮੁਸ਼ਕਿਲ ਆ ਰਹੀ ਹੈ ਪਰ ਹੁਣ ਲੇਬਰ ਦਾ ਕੰਮ ਚੱਲ ਰਿਹਾ ਹੈ ਜਲਦ ਹੀ ਮੁਸ਼ਕਿਲ ਹੱਲ ਹੋ ਜਾਵੇਗੀ।
