ਅੰਮ੍ਰਿਤਸਰ : ਇੱਕ ਪਾਸੇ ਭਾਰਤ ਦੀਆਂ 18 ਕਿਸਾਨ ਜਥੇਬੰਦੀਆਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਤਿੰਨ ਦਿਨ ਦਾ ਰੇਲ ਰੋਕੋ ਅੰਦੋਲਨ ਸ਼ੁਰੂ ਕਰ ਦਿੱਤਾ ਗਿਆ ਹੈ। ਜਿਸ ਦੇ ਚਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇਵੀਦਾਸਪੁਰਾ ਵਿਖੇ ਰੇਲਾਂ ਰੋਕ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਉੱਪਰ ਯਾਤਰੀਆਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਦੌਰਾਨ ਯਾਤਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਗਰ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਸੀ ਤਾਂ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੂੰ ਚਾਹੀਦਾ ਸੀ
ਕਿ ਇਸ ਸਬੰਧੀ ਰੇਲਵੇ ਵੈਬਸਾਈਟ ਦੇ ਉੱਪਰ ਜਾਣਕਾਰੀ ਦਿੱਤੀ ਜਾਂਦੀ ਤਾਂ ਜੋ ਕਿ ਉਹ ਟਿਕਟ ਬੁੱਕ ਨਾ ਕਰਵਾਉਂਦੇ। ਉਹਨਾਂ ਕਿਹਾ ਕਿ ਹੁਣ ਉਨਾਂ ਨੂੰ ਕਾਫੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਕਿਹਾ ਕਿ ਅਗਰ ਉਹ ਬੱਸ ਤੋਂ ਜਾਣਗੇ ਤਾਂ ਉਹਨਾਂ ਦਾ ਕਾਫੀ ਕਿਰਾਇਆ ਲੱਗ ਜਾਵੇਗਾ ਅਤੇ ਖੱਜਲ ਖੁਆਰੀ ਵੀ ਕਾਫੀ ਹੋਵੇਗੀ।ਉਨਾ ਕਿਹਾ ਕਿ ਹਜੇ ਵੀ ਰੇਲਵੇ ਵਿਭਾਗ ਪੂਰੀ ਤਰੀਕੇ ਨਾਲ ਉਹਨਾਂ ਨੂੰ ਜਾਣਕਾਰੀ ਨਹੀਂ ਦੇ ਪਾ ਰਿਹਾ। ਕੁਝ ਸਮੇਂ ਬਾਅਦ ਟ੍ਰੇਨ ਆਵੇਗੀ ਜਾਂ ਨਹੀਂ ਆਵੇਗੀ ਜਿਸ ਕਰਕੇ ਉਹਨਾਂ ਨੂੰ ਜਿਆਦਾ ਪਰੇਸ਼ਾਨੀ ਆ ਰਹੀ ਹੈ।