ਲੁਧਿਆਣਾ : ਮਾਛੀਵਾੜਾ ਸਾਹਿਬ ਦੇ ਪਿੰਡ ਬੁਰਜ ਕੱਚਾ ਦੇ ਨਿਵਾਸੀ ਵਰਿੰਦਰ ਸਿੰਘ ਨੂੰ 13 ਸਾਲ ਪਹਿਲਾਂ ਉਸਦੇ ਪਿਤਾ ਜਸਵੰਤ ਸਿੰਘ ਨੇ ਆਪਣੀ ਜਮੀਨ ਵੇਚ ਕੇ ਅਮੇਰਿਕਾ ਭੇਜਿਆ। ਏਜੰਟ ਨੂੰ 19 ਲੱਖ ਰੁਪਏ ਦਿੱਤੇ ਸੀ। ਬੇਟਾ ਵਰਿੰਦਰ ਸਿੰਘ ਰਸਤੇ ਵਿੱਚ ਹੀ ਗਾਇਬ ਹੋ ਗਿਆ ਸੀ। ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਮੈਂ 13 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਆਪਣੇ ਲੜਕੇ ਵਰਿੰਦਰ ਸਿੰਘ ਨੂੰ ਅਮੇਰਿਕਾ ਭੇਜਣ ਲਈ ਅਵਤਾਰ ਸਿੰਘ ਨਾਮਕ ਏਜੰਟ ਨੂੰ 19 ਲੱਖ ਰੁਪਏ ਦਿੱਤੇ ਸਨ। ਪਰ ਅੱਜ ਤੱਕ ਮੇਰੇ ਲੜਕੇ ਦਾ ਕੋਈ ਸੁਰਾਗ ਨਹੀਂ ਲੱਗਾ। ਜਦੋਂ ਮੇਰਾ ਪੁੱਤਰ ਇੱਥੋਂ ਵਿਦੇਸ਼ ਚਲਾ ਗਿਆ। ਇੱਕ ਵਾਰ ਮੇਰੇ ਆਪਣੇ ਬੇਟੇ ਨਾਲ ਗੱਲ ਹੋਈ ਸੀ ਤਾਂ ਉਸਨੇ ਦੱਸਿਆ ਸੀ ਕਿ ਉਹ ਜੰਗਲਾਂ ਵਿੱਚ ਕਿਤੇ ਹੈ ਅਤੇ ਉਸ ਕੋਲ ਸਿਰਫ ਇੱਕ ਖਾਣ ਲਈ ਬਰਗਰ ਮਿਲਿਆ ਹੈ
ਅਤੇ ਉਸ ਤੋਂ ਬਾਅਦ ਕੋਈ ਵੀ ਗੱਲ ਨਹੀਂ ਹੋਈ। ਪਿਤਾ ਜਸਵੰਤ ਸਿੰਘ ਨੇ ਆਖਿਆ ਕਿ ਹੁਣ ਤੱਕ ਮੈਂ ਕਿੰਨੇ ਸਮੇਂ ਤੋਂ ਪੰਜਾਬ ਪੁਲਿਸ ਨੂੰ ਸ਼ਿਕਾਇਤ ਕਰਦਾ ਆ ਰਿਹਾ ਹਾਂ। ਪਰ ਕਿਸੇ ਪਾਸੇ ਮੇਰੀ ਸੁਣਵਾਈ ਨਹੀਂ ਹੋਈ। ਉਸ ਤੋਂ ਬਾਅਦ ਮੈਂ ਹਾਈ ਕੋਰਟ ਨੂੰ ਸ਼ਿਕਾਇਤ ਕੀਤੀ ਤੇ ਬਹੁਤ ਸਮਾਂ ਬਾਅਦ ਹੁਣ ਇਸ ਮਾਮਲੇ ‘ਚ ਸੀਬੀਆਈ ਜਾਂਚ ਕਰੇਗੀ। ਮੈਨੂੰ ਉਮੀਦ ਹੈ ਕਿ ਮੈਨੂੰ ਹੁਣ ਇਨਸਾਫ ਮਿਲੇਗਾ। ਪਿੰਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਨੇ ਆਪਣੇ ਬੇਟੇ ਨੂੰ ਸਪੇਨ ਭੇਜਣ ਲਈ 2007 ਵਿੱਚ ਅਵਤਾਰ ਸਿੰਘ ਬੱਬੂ ਨਾਮਕ ਏਜੰਟ ਕੋਲ ਆਪਣੇ ਬੇਟੇ ਦਾ ਕੇਸ ਲਾਇਆ ਸੀ। ਜਿਸ ਵਿੱਚ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਪਸੀ ਰੌਲਾ ਪੈ ਗਿਆ ਅਤੇ ਜਸਵੰਤ ਸਿੰਘ ਨੇ ਆਪਣੇ ਬੇਟੇ ਨੂੰ ਉਸ ਸਮੇਂ ਸਪੇਨ ਨਹੀਂ ਭੇਜਿਆ।
ਜਿਸ ਨੂੰ ਲੈ ਕੇ ਉਹਨਾਂ ਵੱਲੋਂ ਐਫਆਈਆਰ ਦਰਜ ਵੀ ਕਰਵਾਈ ਗਈ। ਅਤੇ ਬਾਅਦ ਵਿੱਚ ਫੇਰ ਅਮਰੀਕਾ ਭੇਜਣ ਗੱਲ ਨੂੰ ਲੈ ਕੇ ਆਪਸੀ ਸਹਿਮਤੀ ਹੋ ਗਈ। ਪੈਸਿਆਂ ਦਾ ਲੈਣ ਦੇਣ 19 ਲੱਖ ਰੁਪਏ ਵਿੱਚ ਨਿਪਟਿਆ। ਪਰ ਹੁਣ 13 ਸਾਲ ਬਾਅਦ ਵੀ ਵਰਿੰਦਰ ਸਿੰਘ ਦਾ ਕੁਝ ਵੀ ਪਤਾ ਨਹੀਂ ਲੱਗਾ। ਬਸ ਇੱਕ ਵਾਰ ਹੀ ਗੱਲ ਹੋਈ, ਜਦੋਂ ਉਹ ਜੰਗਲਾਂ ਵਿੱਚ ਸਨ। ਉਸ ਤੋਂ ਬਾਅਦ ਕੋਈ ਵੀ ਗੱਲ ਨਹੀਂ ਹੋਈ। ਜਸਵੰਤ ਸਿੰਘ ਵੱਲੋਂ 2010 ਵਿੱਚ ਪੁਲਿਸ ਨੂੰ ਇਤਲਾਹ ਕੀਤੀ ਗਈ। ਪਰ ਇਸ ਦੀ ਕੋਈ ਵੀ ਸੁਣਵਾਈ ਨਹੀਂ ਹੋਈ। ਹੁਣ ਹਾਈ ਕੋਰਟ ਵੱਲੋਂ ਸੀਬੀਆਈ ਜਾਂਚ ਦੇ ਹੁਕਮ ਹੋਏ ਹਨ। ਉਮੀਦ ਹੈ ਕਿ ਹੁਣ ਇਨਸਾਫ ਮਿਲੇਗਾ।