ਅੰਮ੍ਰਿਤਸਰ: ਜੰਡਿਆਲਾ ਗੁਰੂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਕਾਨੂੰਨ ਵਿਵਸਥਾ ਪੂਰੀ ਤਰੀਕੇ ਨਾਲ ਡਗਮਗਾਈ ਹੋਈ ਹੈ। ਪਿਛਲੇ ਦਿਨੀ ਹੀ ਸ਼ਰੇਆਮ ਗੁੰਡਾਗਰਦੀ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਲੇਕਿਨ ਹੁਣ ਇੱਕ ਨਵਾਂ ਮਾਮਲਾ ਜੰਡਿਆਲਾ ਗੁਰੂ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਦੇਰ ਸ਼ਾਮ ਘਾਹ ਮੰਡੀ ਚੌਕ ਚ ਇਕ ਸਬਜ਼ੀ ਵਿਕਰਤਾ ਲਕਸ਼ਮਣ ਦਾਸ ਨੂੰ ਅਣਪਛਾਤਿਆਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ । ਦਸਿਆ ਜਾ ਰਿਹਾ ਹੈ ਕਿ ਲਕਸ਼ਮਣ ਦੇ ਪੁੱਤਰ ਨਾਲ ਕੱਝ ਵਿਅਕਤੀ ਲੜ ਰਹੇ ਸਨ। ਜਦੋਂ ਲਕਸ਼ਮਣ ਦਾਸ ਬਚਾਉਣ ਲਈ ਅੱਗੇ ਹੋਇਆ ਤਾਂ ਉਹਨਾਂ ਵਿਅਕਤੀਆਂ ਵੱਲੋਂ ਗੋਲ਼ੀ ਚਲਾ ਦਿੱਤੀ ਗਈ ਜੋ ਲਕਸ਼ਮਣ ਨੂੰ ਲੱਗੀ। ਉਸਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ,ਜਿਥੇ ਉਸਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਜੰਡਿਆਲਾ ਗੁਰੂ ਦੇ ਡੀਐਸਪੀ ਨੇ ਦੱਸਿਆ ਕਿ ਜਿਸ ਵਿਅਕਤੀ ਦੇ ਗੋਲੀ ਲੱਗੀ ਹੈ ਉਸ ਦੇ ਮੁੰਡੇ ਦੀ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ ਤਾਂ ਦੂਸਰੇ ਧਿਰ ਦੇ ਤਿੰਨ ਨੌਜਵਾਨਾਂ ਵੱਲੋਂ ਉੱਥੇ ਗੋਲੀਆਂ ਚਲਾਈਆਂ ਗਈਆਂ। ਲਕਸ਼ਮਣ ਦੇ ਮੁੰਡੇ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਗੋਲੀਆਂ ਚਲਾਉਣ ਵਾਲੇ ਨੌਜਵਾਨਾਂ ਦੀ ਪਹਿਚਾਣ ਵੀ ਹੋ ਚੁੱਕੀ ਹੈ। ਪੁਲਿਸ ਮਾਮਲਾ ਦਰਜ ਕਰ ਰਹੀ ਹੈ ਜਲਦ ਹੀ ਉਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ।
ਜ਼ਿਕਰ ਯੋਗ ਹੈ ਕਿ ਜੰਡਿਆਲਾ ਗੁਰੂ ਵਿੱਚ ਕ੍ਰਾਈਮ ਵਧਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨ ਹੀ ਜਠਾਣਾ ਜੰਡਿਆਲਾ ਗੁਰੂ ਅਧੀਨ ਫਤਿਹਪੁਰ ਰਾਜਪੂਤਾ ਪਿੰਡ ਦੇ ਵਿੱਚ ਵੀ ਨੌਜਵਾਨਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਕੇ ਇੱਕ ਘਰ ਦੇ ਸੱਤ ਲੋਕਾਂ ਨੂੰ ਜ਼ਖਮੀ ਕੀਤਾ ਗਿਆ ਸੀ। ਦੂਸਰੇ ਪਾਸੇ ਥਾਣਾ ਜੰਡਿਆਲਾ ਗੁਰੂ ਅਧੀਨ ਵੈਰੋਵਾਲ ਰੋਡ ਦੇ ਉੱਪਰ ਵੀ ਮੋਟਰਸਾਈਕਲ ਵਿੱਚ ਹਵਾ ਭਰਵਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜਬਰਦਸਤ ਝੜਪ ਦੇਖਣ ਨੂੰ ਮਿਲੀ ਸੀ ਅਤੇ ਇਸ ਘਟਨਾ ਤੋਂ ਬਾਅਦ ਤੀਸਰੀ ਘਟਨਾ ਸ਼ਰੇਆਮ ਸਬਜ਼ੀ ਮੰਡੀ ਦੇ ਵਿੱਚ ਜਾ ਕੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਉਥੋਂ ਰਫੂ ਚੱਕਰ ਹੋਣਾ ਪੁਲਿਸ ਦੇ ਉੱਪਰ ਸਵਾਲ ਖੜੇ ਕਰ ਰਹੀ ਹੈ।