ਅੰਮ੍ਰਿਤਸਰ : ਪਿਛਲੇ ਦਿਨੀ ਪੁਤਲੀ ਘਰ ਇਲਾਕੇ ਦੇ ਵਿੱਚ ਸੀਵਰੇਜ ਦੀ ਸਫਾਈ ਤੋਂ ਬਾਅਦ ਉਸ ਮਸ਼ੀਨ ਨਾਲ ਫੋਟੋ ਖਿਚਾਣ ਨੂੰ ਲੈ ਕੇ ਕਾਂਗਰਸੀ ਅਤੇ ਆਪ ਨੇਤਾਵਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਗੋਲੀ ਵੀ ਚੱਲੀ ਜੋ ਕਿ ਆਪ ਨੇਤਾ ਦੇ ਭਰਾ ਦੇ ਪ੍ਰਾਈਵੇਟ ਪਾਰਟ ਤੇ ਜਾ ਵੱਜੀ। ਜਿਸ ਤੋਂ ਬਾਅਦ ਆਪ ਨੇਤਾ ਡਿੰਪਲ ਅਰੋੜਾ ਦੇ ਭਰਾ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਦੇਰ ਰਾਤ ਗ੍ਰਿਫਤਾਰ ਕਰ ਲਿੱਤਾ ਗਿਆ ਸੀ। ਜਿਸ ਤੋਂ ਬਾਅਦ ਡਿੰਪਲ ਅਰੋੜਾ ਵੱਲੋਂ ਪ੍ਰੈਸ ਕਾਨਫਰਸ ਕਰਕੇ ਕਾਂਗਰਸੀ ਨੇਤਾ ਸੁਰਿੰਦਰ ਚੌਧਰੀ ਤੇ ਉਸਦੇ ਬੇਟੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਸੁਰਿੰਦਰ ਚੌਧਰੀ ਤੇ ਉਸਦੇ ਬੇਟੇ ਦੇ ਖਿਲਾਫ ਪਹਿਲਾਂ ਵੀ ਬਹੁਤ ਸਾਰੇ ਅਪਰਾਧਿਕ ਮਾਮਲੇ ਦਰਜ ਹਨ। ਉਹਨਾਂ ਦੇ ਖਿਲਾਫ 110 ਦਾ ਕਲੰਦਰਾ ਤਿਆਰ ਕਰਕੇ ਉਹਨਾਂ ਨੂੰ ਜੇਲ ਵਿੱਚ ਭੇਜਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਆਪ ਨੇਤਾ ਡਿੰਪਲ ਅਰੋੜਾ ਨੇ ਕਿਹਾ ਕਿ ਉਹਨਾਂ ਵੱਲੋਂ ਪੁਲਿਸ ਨੂੰ 48 ਘੰਟੇ ਦਾ ਅਲਟੀਨੇਟ ਦਿੱਤਾ ਗਿਆ ਹੈ ਅਗਰ 48 ਘੰਟੇ ਵਿੱਚ ਪੁਲਿਸ ਮੁੱਖ ਆਰੋਪੀ ਸੁਰਿੰਦਰ ਚੌਧਰੀ ਤੇ ਉਸਦੇ ਬੇਟੇ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਉਹ ਆਪਣੀ ਸਰਕਾਰ ਤੇ ਹੁੰਦਿਆਂ ਵੀ ਥਾਣੇ ਦੇ ਬਾਹਰ ਬੈਠ ਕੇ ਰੋਸ ਪ੍ਰਦਰਸ਼ਨ ਕਰਨਗੇ। ਉਹਨਾਂ ਕਿਹਾ ਕਿ ਮੈਂ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਪੱਤਰ ਲਿਖਾਂਗਾ ਕਿ ਅਜਿਹੇ ਅਪਰਾਧਿਕ ਲੋਕਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਥੇ ਜ਼ਿਕਰਯੋਗ ਹੈ ਕਿ 17 ਨਵੰਬਰ ਕਾਲੇ ਦਿਨ ਵਜੋਂ ਸਾਬਿਤ ਹੋਈ ਹੈ। ਕਿਉਂਕਿ ਅੰਮ੍ਰਿਤਸਰ ਵਿੱਚ ਵੱਡੀਆਂ ਤਿੰਨ ਵਾਰਦਾਤਾਂ ਸਾਹਮਣੇ ਆਈਆਂ ਹਨ। ਜਿਸ ਵਿੱਚ ਦੋ ਮਾਮਲੇ ਗੋਲੀ ਚੱਲਣ ਦੇ ਅਤੇ ਇਕ ਮਾਮਲੇ ਵਿੱਚ ਲੁੱਟ ਖੋਹ ਹੋਈ ਹੈ।
ਜਿਸ ਦੇ ਚਲਦੇ ਪੁਤਲੀ ਘਰ ਇਲਾਕੇ ਦੇ ਵਿੱਚ ਵੀ ਸੀਵਰੇਜ ਦੀ ਸਫਾਈ ਕਰਨ ਤੋਂ ਬਾਅਦ ਸਫਾਈ ਵਾਲੀ ਮਸ਼ੀਨ ਦੇ ਨਾਲ ਫੋਟੋ ਖਿਚਵਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਸਾਬਕਾ ਕੌਂਸਲਰ ਸੁਰਿੰਦਰ ਚੌਧਰੀ ਵਿੱਚ ਝਗੜਾ ਹੋਇਆ ਸੀ। ਇਸ ਝਗੜੇ ਦੌਰਾਨ ਗੋਲੀ ਵੀ ਚੱਲੀ ਸੀ, ਜੋ ਕਿ ਆਪ ਨੇਤਾ ਡਿੰਪਲ ਕੁਮਾਰ ਦੇ ਭਰਾ ਦੇ ਵੱਜੀ ਸੀ। ਫਿਲਹਾਲ ਡਿੰਪਲ ਕੁਮਾਰ ਦਾ ਭਰਾ ਹਸਪਤਾਲ ਵਿੱਚ ਜੇਰੇ ਇਲਾਜ ਹੈ ਤੇ ਡਿੰਪਲ ਕੁਮਾਰ ਵੱਲੋਂ ਪ੍ਰੈਸ ਕਾਨਫਰੰਸ ਕਰ ਆਰੋਪੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਲੇਕਿਨ ਡਿੰਪਲ ਕੁਮਾਰ ਦਾ ਕਹਿਣਾ ਹੈ ਕਿ ਜੋ ਮੁੱਖ ਆਰੋਪੀ ਹੈ ਉਹਨਾਂ ਨੂੰ ਵੀ ਜਲਦ ਪੁਲਿਸ ਗਿਰਫਤਾਰ ਕਰੇ।