i20 ਕਾਰ ਵੀ ਹੋਈ ਬਰਾਮਦ
ਅੰਮ੍ਰਿਤਸਰ : ਪੰਜਾਬ ਵਿੱਚ ਇਸ ਸਮੇਂ ਛੇਵਾਂ ਦਰਿਆ ਨਸ਼ੇ ਦਾ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਨਸ਼ੇ ਦੇ ਦਰਿਆ ਨੂੰ ਰੋਕਣ ਦੇ ਲਈ ਲਗਾਤਾਰ ਹੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਦੋਂ ਜਹਿਦ ਕਰਦੀ ਹੋਈ ਨਜ਼ਰ ਆ ਰਹੀ ਹੈ। ਦੂਜੇ ਪਾਸੇ ਅੰਮ੍ਰਿਤਸਰ ਦੇ ਨਵੇਂ ਆਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੀ ਇਸ ਸਮੇਂ ਪੂਰੇ ਐਕਸ਼ਨ ਮੂਡ ਵਿੱਚ ਦਿਖਾਈ ਦੇ ਰਹੇ ਹਨ ਤੇ ਉਹਨਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਸਪੈਸ਼ਲ ਨਾਕੇ ਬੰਦਿਆ ਕਰਕੇ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਨੇ 2 ਵਿਅਕਤਿਆਂ ਨੂੰ 6ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਅਤੇ ਸੀਆਈਏ ਸਟਾਫ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਅਟਾਰੀ ਸਰਹੱਦ ਤੋਂ ਨਸ਼ੇ ਦੀ ਖੇਪ ਲੈ ਕੇ 2 ਵਿਅਕਤੀ ਸ਼ਹਿਰ ਚ ਦਾਖਲ ਹੋਏ ਤਾਂ ਪੁਲਿਸ ਵੱਲੋਂ ਨਾਕੇਬੰਦੀ ਕਰ ਇਹਨਾਂ ਵਿਅਕਤਿਆਂ ਨੂੰ ਗਿਰਫਤਾਰ ਕੀਤਾ।
ਪੁਲਿਸ ਨੇ ਦੱਸਿਆ ਕਿ ਇਹਨਾਂ ਆਰੋਪਿਆਂ ਦੀ ਪਹਿਚਾਣ ਮਹਿੰਦਰ ਪਾਲ ਸਿੰਘ ਅਤੇ ਸੌਰਵ ਸ਼ਰਮਾ ਦੇ ਰੂਪ ਵਿੱਚ ਹੋਈ ਹੈ। ਇਹ ਦੋਵੇਂ ਆਰੋਪੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਅਤੇ ਇਹ ਦੋਨੋਂ ਵਿਅਕਤੀ ਵਿਦੇਸ਼ ਵਿੱਚ ਬੈਠੇ ਜਸਮੀਤ ਸਿੰਘ ਉਰਫ ਲੱਕੀ ਦੇ ਲਈ ਕੰਮ ਕਰਦੇ ਸਨ ਅਤੇ ਇਹਨਾਂ ਦੇ ਉੱਪਰ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਜੋ ਵਿਦੇਸ਼ ਵਿੱਚ ਬੈਠਾ ਜਸਮੀਤ ਸਿੰਘ ਉਰਫ ਲੱਕੀ ਹੈ। ਉਸ ਦੇ ਉੱਪਰ ਵੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਦੱਸਿਆ ਕਿ ਇਹ ਅਟਾਰੀ ਤੋਂ ਨਸ਼ੇ ਦੀ ਖੇਪ ਲੈ ਕੇ ਹੁਸ਼ਿਆਰਪੁਰ ਵੱਲ ਜਾ ਰਹੇ ਸਨ। ਜਿਨ੍ਹਾਂ ਨੂੰ ਕਾਬੂ ਕਰਨ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਕੋਲੋਂ ਬਰਾਮਦ ਕੀਤੇ ਹੈਰੋਇਨ ਦਾ ਵਧਣ ਕੁੱਲ 6 ਕਿਲੋ ਹੈ ਅਤੇ ਇਹਨਾਂ ਦੇ ਕੋਲੋਂ ਇੱਕ ਆਈ20 ਕਾਰ ਵੀ ਬਰਾਮਦ ਕੀਤੀ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੇ ਮਾਮਲਾ ਦਰਜ ਕਰਕੇ ਹੋਰ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।