ਗੁਰਦਾਸਪੁਰ : ਐਸਐਸਪੀ ਗੁਰਦਾਸਪੁਰ ਦਾਯਮਾ ਹਰੀਸ਼ ਕੁਮਾਰ ਦੀਆਂ ਸਖਤ ਹਦਾਇਤਾਂ ਤੇ ਥਾਣਾ ਧਾਰੀਵਾਲ ਦੇ ਐਸਐਚਓ ਸਰਬਜੀਤ ਸਿੰਘ ਨੇ ਈ ਰਿਕਸ਼ਾ ਚਾਲਕਾਂ ਨੂੰ ਮਿਲ ਗਰਾਊਂਡ ਧਾਰੀਵਾਲ ਵਿੱਚ ਇਕੱਠੇ ਕਰਕੇ ਉਹਨਾਂ ਨੂੰ ਯਾਤਾਜਾਤ ਦੇ ਨਿਯਮਾਂ ਤੋਂ ਜਾਨੂ ਕਰਵਾਇਆ ਅਤੇ ਉਹਨਾਂ ਨੂੰ ਟਰੈਫਿਕ ਨਿਯਮਾਂ ਦੀ ਪਾਲਨਾ ਕਰਨ ਦੇ ਨਾਲ ਨਾਲ ਆਪਣੇ ਆਪਣੇ ਈ ਰਿਕਸ਼ਾਵਾਂ ਦੇ ਕਾਗਜਾਤ ਤੇ ਰਜਿਸਟਰੇਸ਼ਨ ਮੁਕੰਮਲ ਕਰਾਉਣ ਅਤੇ ਲਾਈਸੈਂਸ ਬਣਵਾਉਣ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਤੇ ਐਸਐਚਓ ਸਰਬਜੀਤ ਸਿੰਘ ਨੇ ਈ ਰਿਕਸ਼ਾ ਚਾਲਕਾਂ ਨੂੰ ਇਹ ਵੀ ਹਿਦਾਇਤ ਦਿੱਤੀ ਕਿ ਈ ਰਿਕਸ਼ਾ ਚਾਲਕ ਆਪੋ ਆਪਣੇ ਡਰਾਈਵਿੰਗ ਲਾਈਸੈਂਸ ਅਤੇ ਈ -ਰਿਕਸ਼ਾ ਦੇ ਆਰਟੀਓ ਦਫਤਰ ਵੱਲੋਂ ਜਾਰੀ ਕੀਤੇ ਜਰੂਰੀ ਕਾਗਜ਼ਾਤ ਹਮੇਸ਼ਾ ਆਪਣੇ ਈ ਰਿਕਸ਼ਾ ਦੇ ਨਾਲ ਰੱਖਣ। ਜੇਕਰ ਕੋਈ ਵੀ ਰਿਕਸ਼ਾ ਚਾਲਕ ਬਿਨਾਂ ਕਾਗਜ਼ ਜਾਂ ਬਿਨਾਂ ਡਰਾਈਵਿੰਗ ਲਾਈਸੈਂਸ ਦੇ ਚਲਾਉਂਦਾ ਫੜਿਆ ਗਿਆ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਐਸਐਚ ਓ ਸਰਬਜੀਤ ਸਿੰਘ ਨੇ ਦੱਸਿਆ ਕਿ ਅਕਸਰ ਦੇਖਣ ਵਿੱਚ ਆਇਆ ਹੈ ਕਿ ਸ਼ਹਿਰ ਦੇ ਵਿੱਚ ਚਾਲਕ ਈ ਰਿਕਸ਼ਾ ਬੇਤਰਤੀਬੇ ਖੜੇ ਕਰਕੇ ਟਰੈਫਿਕ ਦੀ ਸਮੱਸਿਆ ਨੂੰ ਦਿਨ ਬ ਦਿਨ ਵਧਾ ਰਹੇ ਹਨ ਅਤੇ ਚਾਲਕਾਂ ਨੂੰ ਅਜਿਹਾ ਨਾ ਕਰਨ ਦੀ ਹਿਦਾਇਤ ਵੀ ਦਿੱਤੀ ਗਈ ਹੈ। ਉਥੇ ਹੀ ਈ ਰਿਕਸ਼ਾ ਚਾਲਕ ਯੂਨੀਅਨ ਨੇ ਭਰੋਸਾ ਦਿੱਤਾ ਕਿ ਜੋ ਉਹਨਾਂ ਨੂੰ ਪੁਲਿਸ ਵੱਲੋਂ ਹਦਾਇਤਾਂ ਮਿਲੀਆਂ ਹਨ। ਉਹਨਾਂ ਦੀ ਉਹ ਪਾਲਣਾ ਕਰਨਗੇ। ਇਸ ਮੌਕੇ ਤੇ ਈ ਰਿਕਸ਼ਾ ਯੂਨੀਅਨ ਦੇ ਆਗੂ ਨੇ ਕਿਹਾ ਕਿ ਉਹਨਾਂ ਦੇ ਕੁਝ ਸਾਥੀਆਂ ਦੇ ਤਾਂ ਕਾਗਜ਼ਾਤ ਪੂਰੇ ਹਨ। ਲੇਕਿਨ ਕੁਝ ਦੇ ਕਾਗਜ਼ਾਤ ਨਹੀਂ ਹਨ। ਉਹਨਾਂ ਕੋਲ ਖਾਲੀ ਇੱਕ ਕੰਪਨੀ ਤੋਂ ਈ ਰਿਕਸ਼ਾ ਖਰੀਦਣ ਦੀਆਂ ਸਲਿਪਾਂ ਹਨ। ਉਹ ਜਲਦੀ ਹੀ ਇਹਨਾਂ ਨੂੰ ਪੂਰਾ ਕਰਵਾ ਕੇ ਨਿਯਮਾਂ ਦੀ ਪਾਲਣਾ ਕਰਣਗੇ ਅਤੇ ਪੁਲਿਸ ਨੂੰ ਪੂਰਾ ਸਹਿਯੋਗ ਦੇਣਗੇ।