ਪੰਜਾਬ : ETT 5994 ਦੇ ਪੱਕੇ ਮੋਰਚੇ ’ਚ ਪੁੱਜੇ ਪ੍ਰਤਾਪ ਬਾਜਵਾ ਤੇ ਬਿਕਰਮ ਮਜੀਠੀਆ, ਦੇਖੋ ਵੀਡਿਓ

ਪੰਜਾਬ : ETT  5994 ਦੇ ਪੱਕੇ ਮੋਰਚੇ ’ਚ ਪੁੱਜੇ ਪ੍ਰਤਾਪ ਬਾਜਵਾ ਤੇ ਬਿਕਰਮ ਮਜੀਠੀਆ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ : ਈਟੀਟੀ ਟੈਟ ਪਾਸ ਬੇਰੋਜਗਾਰ 5994 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਕੂਲੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਲਗਾਏ ਪੱਕੇ ਮੋਰਚੇ ਵਿੱਚ 13ਵੇਂ ਦਿਨ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਪੁੱਜੇ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਤੇ ਸਾਬਕਾ ਮੰਤਰੀ ਪੰਜਾਬ ਬਲਬੀਰ ਸਿੰਘ ਵੀ ਮੌਜੂਦ ਰਹੇ। ਉਕਤ ਆਗੂਆਂ ਨੇ ਈਟੀਟੀ 5994 ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ।

ਜਿਸ ਮਗਰੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਈਟੀਟੀ 5994 ਅਧਿਆਪਕਾਂ ਦੀਆਂ ਮੰਗਾਂ ਨੂੰ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਜਾਵੇਗਾ। ਤਾਂ ਜੋ ਠੰਡ ਦੇ ਦਿਨਾਂ ਵਿੱਚ ਆਪਣੇ ਘਰਾਂ ਤੋਂ ਬੇਘਰ ਹੋ ਕੇ ਧਰਨੇ ਦੇ ਰਹੇ ਪੜ੍ਹੇ ਲਿਖੇ ਵਿ੍ਕਤਿਆਂ ਦੀਆ ਮੰਗਾਂ ਦਾ ਹੱਲ ਹੋ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵੱਡੇ ਵੱਡੇ ਦਾਅਵੇ ਤਾਂ ਕਰ ਰਹੇ ਹਨ, ਪਰ ਅਸਲ ਸੱਚਾਈ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਤਾਂ ਅੱਜ ਇਹ ਈਟੀਟੀ 5994 ਅਧਿਆਪਕ ਪੱਕੇ ਮੋਰਚੇ ਦੀ ਥਾਂ ਸਕੂਲਾਂ ਵਿੱਚ ਹੁੰਦੇ।

ਇਸ ਦੇ ਨਾਲ ਹੀ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਪੰਜਾਬ ਸਰਕਾਰ ਪੜ੍ਹੇ ਲਿਖੇ ਨੌਜਵਾਨਾਂ ਦੀ ਜਾਨ ਦੀ ਦੁਸ਼ਮਣ ਬਣੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸਿਰਫ ਇਸ਼ਤਿਹਾਰੀ ਮੁੱਖ ਮੰਤਰੀ ਬਣ ਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਤਿੰਨ-ਤਿੰਨ ਪ੍ਰੀਖਿਆਵਾਂ ਪਾਸ ਕਰਨ ਤੋਂ ਬਾਅਦ ਵੀ ਉਕਤ ਈਟੀਟੀ 5994 ਬੇਰੁਜਗਾਰ ਅਧਿਆਪਕ ਸਕੂਲਾਂ ਵਿੱਚ ਜੁਆਇਨਿੰਗ ਲੈਣ ਲਈ ਪਿਛਲੇ 13 ਦਿਨਾਂ ਤੋਂ ਠੰਡ ਦੇ ਦਿਨਾਂ ਵਿੱਚ ਪੱਕਾ ਮੋਰਚਾ ਲਗਾ ਕੇ ਬੈਠੇ ਹਨ, ਜੋ ਕਿ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਲਈ ਬਹੁਤ ਹੀ ਸ਼ਰਮ ਵਾਲੀ ਗੱਲ ਹੈ।