ਗੁਰਦਾਸਪੁਰ : ਮੁੰਡੇ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਬਾਕਸਿੰਗ ਖਿਡਾਰਨ ਨੇ ਜ਼ਹਿਰ ਖਾ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ ਹੈ। ਮਾਮਲਾ ਹੈ ਕਸਬਾ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋਕੇ ਟਾਹਲੀ ਸਾਹਿਬ, ਦਾ ਜਿਥੋਂ ਦ ਬਾਕਸਿੰਗ ਦੀ ਖਿਡਾਰਨ ਸਿੰਮੀ ਸਹੋਤਾ (24) ਜੋ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਪ੍ਰੈਕਟਿਸ ਕਰਦੀ ਸੀ ਅਤੇ ਉਸਦੇ ਨਾਲ ਰੋਹਿਤ ਕੁਮਾਰ ਵਾਸੀ ਡੇਰਾ ਬਾਬਾ ਨਾਨਕ ਵੀ ਪ੍ਰੈਕਟਿਸ ਕਰਦਾ ਸੀ, ਜਿਸਦੇ ਚਲਦਿਆਂ ਇਨ੍ਹਾਂ ਦੀ ਆਪਸ ਵਿਚ ਦੋਸਤੀ ਹੋ ਗਈ ਅਤੇ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲੱਗ ਪਏ।
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਇਸਦੇ ਬਾਅਦ ਉਕਤ ਨੌਜਵਾਨ ਦੇ ਭਰਾ ਸੰਦੀਪ ਕੁਮਾਰ ਨੇ ਇਨ੍ਹਾਂ ਦੋਵਾਂ ਨੂੰ ਹੁਸ਼ਿਆਰਪੁਰ ਵਿਖੇ ਬੁਲਾਇਆ ਅਤੇ ਆਪਸ ਵਿਚ ਵਿਆਹ ਕਰਵਾਉਣ ਲਈ ਰਾਜ਼ੀ ਕਰ ਲਿਆ ਅਤੇ ਇਥੇ ਹੀ ਰੋਹਿਤ ਨੇ ਕੁੜੀ ਨਾਲ ਸਰੀਰਿਕ ਸਬੰਧ ਵੀ ਬਣਾਏ। ਇਸ ਤੋਂ ਬਾਅਦ ਰੋਹਿਤ ਨੇ ਕੁੜੀ ਨੂੰ ਕਿਹਾ ਕਿ ਮੈਂ ਹੁਣ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ ਹਾਂ ਅਤੇ ਤੇਰੇ ਨਾਲ ਵਿਆਹ ਕਰਵਾ ਲਵਾਂਗਾ, ਜਿਸਦੇ ਚਲਦਿਆਂ ਉਹ ਗਰਭਵਤੀ ਹੋ ਗਈ ਅਤੇ ਉਸਨੂੰ ਵਿਆਹ ਕਰਵਾਉਣ ਲਈ ਆਖਦੀ ਰਹੀ ਪਰ ਉਕਤ ਨੌਜਵਾਨ ਟਾਲ ਮਟੋਲ ਕਰਦਾ ਰਿਹਾ ਅਤੇ ਉਸ ਨੇ ਕੁੜੀ ਦਾ ਆਬੋਰਸ਼ਨ ਕਰਵਾਉਣ ਉਪਰੰਤ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਦੁਖੀ ਹੋ ਕੇ ਸਿਮੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨਾਲ ਉਸ ਦੀ ਮੌਤ ਹੋ ਗਈ। ਉਧਰ ਇਸ ਮਾਮਲੇ ਸੰਬਧੀ ਡੀਐਸਪੀ ਡੇਰਾ ਬਾਬਾ ਨਾਨਕ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਮਾਂ ਜੀਨਤ ਦੇ ਬਿਆਨਾਂ ਦੇ ਆਧਾਰ ’ਤੇ ਰੋਹਿਤ ਕੁਮਾਰ ਅਤੇ ਉਸਦੇ ਭਰਾ ਸੰਦੀਪ ਖਿਲਾਫ ਧਾਰਾ 306 ਆਈ.ਪੀ.ਸੀ ਤਹਿਤ ਥਾਣਾ ਡੇਰਾ ਬਾਬਾ ਨਾਨਕ ਵਿਖੇ ਕੇਸ ਦਰਜ ਕਰ ਦਿੱਤਾ ਹੈ। ਉਥੇ ਹੀ ਉਹਨਾਂ ਦੱਸਿਆ ਕਿ ਰੋਹਿਤ ਪੁਲਿਸ ਮੁਲਾਜਿਮ ਹੈ ਅਤੇ ਦੋਵਾਂ ਭਰਾਵਾਂ ਖਿਲਾਫ ਕੇਸ ਦਰਜ ਕਰ ਉਹਨਾਂ ਦੀ ਗ੍ਰਿਫਤਾਰੀ ਲਈ ਰੈਡ ਕੀਤੇ ਜਾ ਰਹੇ ਹਨ।