ਗੁਰਦਾਸਪੁਰ : ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਰ ਕਾਨੂੰਨੀ ਅਸਲ੍ਹਾ ਰੱਖਣ ਵਾਲਿਆਂ ਖਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ । ਇਸੇ ਮੁਹਿੰਮ ਤਹਿਤ ਪੁਲਿਸ ਨੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਆਰੋਪੀ ਦੀ ਪਹਿਚਾਣ ਸਿਮਰ ਉਰਫ ਸਿੰਮੂ ਪੁੱਤਰ ਕਸ਼ਮੀਰ ਮਸੀਹ ਵਾਸੀ ਜਲਾਲਪੁਰ ਥਾਣਾ ਕਾਹਨੂੰਵਾਨ ਵਜੋਂ ਹੋਈ ਹੈ। ਆਰੋਪੀ ਤੋ 32 ਬੋਰ ਦੇ ਪਿਸਤੋਲ ਅਤੇ 5 ਕਾਰਤੂਸ ਬਰਾਮਦ ਕੀਤੇ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਥਾਣਾ ਕਾਹਨੂੰਵਾਨ ਦੇ ਮੁਖੀ ਸੁਖਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੀ ਪੁਲਿਸ ਪਾਰਟੀ ਵੱਲੋਂ ਏਐਸਆਈ ਹਰਪ੍ਰੀਤਮ ਸਿੰਘ ਦੀ ਅਗਵਾਈ ਚ ਦਾਣਾ ਮੰਡੀ ਭੱਟੀਆਂ ਨੇੜੇ ਨਾਕਾਬੰਦੀ ਕੀਤੀ ਹੋਈ ਸੀ।
ਇਸ ਦੌਰਾਨ ਇੱਕ ਵਿਅਕਤੀ ਨੂੰ ਪੈਦਲ ਆਉਂਦੇ ਦੇਖਿਆ ਤਾਂ ਆਰੋਪੀ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵੱਲੋਂ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਮੌਕੇ ਤੋਂ ਤਲਾਸ਼ੀ ਦੌਰਾਨ ਇਸ ਨੌਜਵਾਨ ਕੋਲੋਂ 32 ਬੋਰ ਦਾ ਇੱਕ ਪਿਸਤੌਲ ਅਤੇ 5 ਕਾਰਤੂਸ ਬਰਾਮਦ ਕੀਤੇ ਹਨ। ਆਰੋਪੀ ਨੇ ਤਫਤੀਸ਼ ਦੌਰਾਨ ਮੰਨਿਆ ਹੈ ਕਿ ਉਹ ਯੂ.ਪੀ ਵਿੱਚ ਇੱਕ ਵਿਆਹ ਸਮਾਗਮ ਤੇ ਗਿਆ ਸੀ। ਇਥੋਂ ਉਸ ਨੇ ਇਹ ਪਿਸਤੌਲ ਮੁੱਲ ਖਰੀਦਿਆ ਸੀ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜਿਮ ਖਿਲਾਫ਼ 25/54/59 ਅਸਲ੍ਹਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।