ਸ੍ਰੀ ਕੀਰਤਪੁਰ ਸਾਹਿਬ/ਸੰਦੀਪ ਸ਼ਰਮਾ: ਸਥਾਨਕ ਟਰੱਕ ਅਪਰੇਟਰਾਂ ਦੀ ਇੱਕ ਸੁਸਾਇਟੀ ਨੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਪ੍ਰਾਈਵੇਟ ਡੰਪ ਚਲਾਉਣ ਦੇ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਤੇ ਟਰੱਕ ਅਪਰੇਟਰਾਂ ਨੇ ਇਕੱਤਰ ਹੋ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਇਲਾਕੇ ਦੇ ਬਾਹਰੋਂ ਆਏ ਪ੍ਰਭਾਵਸ਼ਾਲੀ ਵਿਅਕਤੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲਾਲ ਮਿੱਟੀ, ਰਾਖੀ ਅਤੇ ਹੋਰ ਖਣਿਜਾਂ ਲਈ ਡੰਪ ਬਣਾ ਦਿੱਤੇ ਹਨ, ਜਿਸ ਕਾਰਨ ਇਨ੍ਹਾਂ ਟਰੱਕਾਂ ਵਾਲਿਆਂ ਦਾ ਆਰਥਿਕ ਨੁਕਸਾਨ ਹੀ ਨਹੀਂ ਸਗੋਂ ਨਿੱਜੀ ਤੌਰ ‘ਤੇ ਨੁਕਸਾਨ ਵੀ ਹੋ ਰਿਹਾ ਹੈ। ਖਣਿਜਾਂ ਦੀ ਢੋਆ-ਢੁਆਈ ਲਈ ਸਰਸਾ ਨੰਗਲ ਨੇੜੇ ਪ੍ਰਭਾਵਸ਼ਾਲੀ ਲੋਕਾਂ ਨੇ ਨਿੱਜੀ ਡੰਪ ਬਣਾਏ ਹੋਏ ਹਨ, ਜਿਸ ਵਿੱਚ ਲਾਲ ਮਿੱਟੀ, ਰਾਖੀ ਆਦਿ ਨੂੰ ਭਾਰੀ ਵਾਹਨਾਂ ਦੁਆਰਾ ਹਿਮਾਚਲ ਪ੍ਰਦੇਸ਼ ਭੇਜਿਆ ਜਾਂਦਾ ਹੈ, ਇੱਥੋਂ ਘੱਟ ਕਿਰਾਇਆ ਦੇ ਕੇ ਹਿਮਾਚਲ ਪ੍ਰਦੇਸ਼ ਦੇ ਵਾਹਨਾਂ ਨੂੰ ਮਾਲ ਢੋਣ ਦਾ ਕੰਮ ਦਿੱਤਾ ਜਾਂਦਾ ਹੈ। ਜਿਸ ਕਾਰਨ 826 ਦੇ ਕਰੀਬ ਟਰੱਕ ਅਪਰੇਟਰ ਬੇਰੁਜ਼ਗਾਰ ਬੈਠੇ ਹਨ ਟਰੱਕ ਓਪਰੇਟਰਾਂ ਨੇ ਕਿਹਾ ਕਿ ਧੂੜ ਮਿੱਟੀ ਦਾ ਪ੍ਰਦੂਸ਼ਨ ਸਾਡੇ ਇਲਾਕੇ ਵਿੱਚ ਹੋ ਰਿਹਾ ਹੈ ਪਰ ਮਾਲ ਢੁਆਈ ਦਾ ਕੰਮ ਹਿਮਾਚਲ ਪ੍ਰਦੇਸ਼ ਦੇ ਟਰੱਕ ਓਪਰੇਟਰ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਵੀ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਟੈਕਸ ਅਦਾ ਕਰਦੇ ਹਨ।
ਉਹਨਾਂ ਕਿਹਾ ਕਿ ਆਪਰੇਟਰਾਂ ਵਲੋਂ ਇਸ ਸਬੰਧੀ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪਿਛਲੇ ਦਿਨੀਂ ਅਤੇ ਡੀ.ਸੀ ਰੂਪਨਗਰ ਮੈਡਮ ਪ੍ਰੀਤੀ ਯਾਦਵ ਨੂੰ ਮੰਗ ਪੱਤਰ ਦਿੱਤਾ ਹੈ। ਪਰ ਅੱਜ ਤੱਕ ਇਨ੍ਹਾਂ ਖੁੱਲ੍ਹੇ ਨਾਜਾਇਜ਼ ਡੰਪਾਂ ਨੂੰ ਬੰਦ ਨਹੀਂ ਕਰਵਾਇਆ ਗਿਆ। ਉਨ੍ਹਾਂ ਸਪੱਸ਼ਟ ਚਿਤਾਵਨੀ ਦਿੱਤੀ ਕਿ 826 ਟਰੱਕ ਅਪਰੇਟਰਾਂ ਨਾਲ ਹਜ਼ਾਰਾਂ ਪਰਿਵਾਰ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਜੇ ਇਹ ਡੰਪ ਇਸੇ ਤਰਾਂ ਹੀ ਚਲਦੇ ਰਹੇ ਤਾਂ ਉਹ ਦਿਨ ਦੂਰ ਨਹੀਂ ਜਦ ਉਹਨਾਂ ਨੂੰ ਕੰਮ ਨਾ ਹੋਣ ਕਾਰਨ ਸੜਕਾਂ ਉੱਤੇ ਬੈਠ ਕੇ ਰੋਸ ਪ੍ਰਦਰਸ਼ਨ ਕਰਨਾ ਪਵੇ।
