ਗੁਰਦਾਸਪੁਰ : 32 ਸਾਲ ਪਹਿਲਾਂ ਫਿਰਕੂ ਅਤੇ ਸਰਕਾਰੀ ਦਹਿਸ਼ਤਗਰਦੀ ਦੇ ਖਿਲਾਫ ਲੜਾਈ ਲੜਦਿਆਂ ਸ਼ਹਾਦਤ ਪਾਉਣ ਵਾਲੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਕਾਮਰੇਡ ਅਮਰੀਕ ਸਿੰਘ ਅਤੇ ਜ਼ਮੀਨ ਹਲਵਾਹਕਾਂ ਦਾ ਨਾਹਰਾ ਬੁਲੰਦ ਕਰਦਿਆਂ ਪਹਿਲਾਂ ਜ਼ਮੀਨੀ ਇਨਕਲਾਬ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੱਜ ਪਨਿਆੜ ਗਾਂਧੀਆਂ ਵਿਖੇ ਸੀਪੀਆਈ ਐਮਐਲ (ਨਿਉ ਡੈਮੋਕਰੇਸੀ) ਵਲੌ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸੂਬਾਈ ਆਗੂ ਦਰਸ਼ਨ ਸਿੰਘ ਖਟਕੜ, ਅਜਮੇਰ ਸਿੰਘ ਸਮਰਾ ਨੇ ਕਿਹਾ ਕੇਂਦਰ ਸਰਕਾਰ ਭੰਗਵੇ ਕਰਨ ਦੇ ਨਾਮ ਉੱਤੇ ਲੋਕਾਂ ਵਿਚ ਫੁੱਟ ਪਾ ਰਹੀ ਹੈ ਅਤੇ ਅਮ੍ਰਿਤਪਾਲ ਵਰਗੇ ਨੌਜਵਾਨਾਂ ਨੂੰ ਖੜ੍ਹੇ ਕਰਕੇ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕ ਇਸਦਾ ਵਿਰੌਧ ਕਰਦੇ ਹਨ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾਂ ਰਿਹਾਂ ਹੈ।
ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਕੇਂਦਰ ਸਰਕਾਰ ਦੀ ਅਲੋਚਨਾਂ ਕਰਦਿਆਂ ਕਿਹਾ ਕਿ ਸਭ ਕਾ ਸਾਥ ਸਭ ਕਾ ਵਿਕਾਸ ਦਾ ਨਾਹਰਾ ਹੁਣ ਆਪਣਿਆਂ ਦਾ ਵਿਕਾਸ ਅਤੇ ਆਮ ਲੋਕਾਂ ਦਾ ਵਿਨਾਸ਼ ਹੋ ਨਿਬੜਿਆ ਹੈ। ਦੇਸ਼ ਦੀਆਂ ਸਾਰੀਆਂ ਸੰਵਿਧਾਨਕ ਸੰਸਥਾਵਾਂ ਉਤੇ ਆਪਣੇ ਜੀ ਹਜ਼ੂਰੀਏ ਭਰਤੀ ਕਰਕੇ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਦੁਰਵਰਤੋਂ ਕਰਕੇ ਵਿਰੋਧੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਟਾਕਰਾ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਨੌਜਵਾਨਾਂ ਦੀ ਸਾਂਝੀ ਲਹਿਰ ਹੀ ਕਰ ਸਕਦੀ ਹੈ।
ਭਾਜਪਾ ਦੀ ਸੈਕਿੰਡ ਦਰਜ਼ੇ ਦੀ ਟੀਮ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਲੋਚਨਾਂ ਕਰਦਿਆਂ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੋਈ ਠੋਸ ਨੀਤੀ ਦੇਣ ਦੀ ਬਜਾਏ ਭਗਵੰਤ ਸਿੰਘ ਮਾਨ ਦੀ ਸਰਕਾਰ ਇੱਕ ਦੂਜੇ ਤੇ ਚਿੱਕੜ ਉਛਾਲੀ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਕੇਂਦਰ ਸਰਕਾਰ ਦੀ ਪਹਿਲਵਾਨ ਔਰਤਾਂ ਨਾਲ ਕੀਤੀ ਬਦਸਲੂਕੀ ਉਨ੍ਹਾਂ ਦੀ ਮਨੂੰ ਵਾਦੀ ਸੋਚ ਦਾ ਪ੍ਰਗਟਾਵਾ ਹੈ। ਜ਼ਿਲਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ ਨੇ ਕਿਹਾ ਕਿ ਕਿਰਤੀਆਂ ਦੀ ਜਮਾਤ ਦੀ ਮੁਕਤੀ ਦਾ ਰਾਹ ਉਨ੍ਹਾਂ ਦੀ ਏਕਤਾ, ਸੰਘਰਸ਼ ਦੇ ਰਾਹ ਤੇ ਚਲਦਿਆਂ ਹੀ ਪੂਰਾ ਹੋਣਾ ਹੈ। ਇਸ ਲਈ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਵਲੋਂ ਦੱਸੇ ਰਾਹ ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਨਿਰਮਲ ਸਿੰਘ ਬੰਬੇ ਵਾਲਾ ਗੁਰਦਾਸਪੁਰੀ ਦੇ ਜੱਥੇ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦਾ ਇਤਿਹਾਸ ਵੀਰ ਰਸ ਵਿਚ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਪਿੰਡ ਪਨਿਆੜ ਗਾਂਧੀਆਂ ਦੇ ਬੱਚਿਆਂ ਵੱਲੋਂ ਭਰੂਣ ਹੱਤਿਆ ਤੇ ਕੋਰਿਓਗ੍ਰਾਫੀ ਪੇਸ਼ ਕਰਕੇ ਲੋਕਾਂ ਨੂੰ ਬੇਟੀਆਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ।
