ਅਨੰਦਪੁਰ ਸਾਹਿਬ ਕਤਲ ਮਸਲੇ ਦੀ ਕੀਤੀ ਜਾਵੇ ਸੀ.ਬੀ.ਆਈ. ਜਾਂਚ : ਇਲਾਕਾ ਵਾਸੀ
ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ : ਹੋਲਾ-ਮਹੱਲਾ ਦੌਰਾਨ ਨਿਹੰਗ ਸਿੰਘ ਪਰਦੀਪ ਸਿੰਘ ਦੇ ਕਤਲ ਤੇ ਪਿੰਡ ਨਲਹੋਟੀ ਦੇ ਨੌਜਵਾਨ ਸਤਬੀਰ ਸਿੰਘ ਲਾਡੀ ਦੀ ਵੱਡ-ਟੁੱਕ ਮਾਮਲੇ ਦੀ ਸਥਾਨਕ ਪਿੰਡ ਵਾਸੀਆਂ ਤੇ ਇਲਾਕੇ ਦੇ ਮੋਹਤਬਰ ਸੱਜਣਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਅੱਜ ਪਿੰਡ ਉਪਰਲੀ ਨਲਹੋਟੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਭਾਰੀ ਇਕੱਠ ਦੌਰਾਨ ਸਮੂਹ ਸੰਗਤਾਂ ਨੇ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ।
ਪਿੰਡ ਵਾਸੀਆਂ ਨੇ ਕਿਹਾ ਕਿ ਉਥੇ ਹੋਈ ਲੜਾਈ ਦੌਰਾਨ ਸਾਡੇ ਪਿੰਡ ਦੇ ਨੌਜਵਾਨ ਦਾ ਹੱਥ ਵੀ ਵੱਡ ਦਿੱਤਾ ਗਿਆ ਤੇ ਨਾਲ ਹੀ ਉਸ ਦੇ ਸਰੀਰ ਦੇ ਕਈ ਅੰਗਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਹੋਏ । ਉਸ ਵਕਤ ਸਤਵੀਰ ਸਿੰਘ ਦਾ ਪਿਤਾ ਨਿਰੰਜਣ ਸਿੰਘ ਆਪਣੇ ਪਿੰਡ ਉਪਰਲੀ ਨਲਹੋਟੀ ਵਿਖੇ ਹੀ ਸੀ। ਪਰ ਪੁਲਿਸ ਨੇ ਘਰ ਬੈਠੇ ਉਸ ਦੇ ਪਿਤਾ ਨਿਰੰਜਣ ਸਿੰਘ ਤੇ ਪਰਚਾ ਦਰਜ ਕਰ ਦਿੱਤਾ। ਜਦ ਕਿ ਉਹਨਾਂ ਦਾ ਪੁੱਤਰ ਤੇ ਪੀੜਤ ਨੌਜਵਾਨ ਸਤਵੀਰ ਸਿੰਘ ਪੀਜੀਆਈ ਚੰਡੀਗੜ੍ਹ ਵਿਖੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਇਕੱਠ ਨੂੰ ਸੰਬੋਧਨ ਕਰਦਿਆਂ ਮਾਂ ਗੁਰਨੈਬ ਸਿੰਘ ਜੇਤੇਵਾਲ ਤੇ ਸਰਪੰਚ ਪਰਮਿੰਦਰ ਸਿੰਘ ਪੱਪੂ ਨਲਹੋਟੀ ਨੇ ਪੰਜਾਬ ਸਰਕਾਰ ਤੋਂ ਇਸ ਪੂਰੇ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਦੇ ਇਸ ਪਰਿਵਾਰ ਦਾ ਇਸ ਘਟਨਾ ਦੇ ਵਿਚ ਕੋਈ ਦੋਸ਼ ਨਹੀਂ ਹੈ, ਬਲਕਿ ਇਹ ਪਰਿਵਾਰ ਖੁਦ ਪੀੜਤ ਧਿਰ ਹੈ। ਤੇ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਵਿਚ ਪਿੰਡ ਦੇ ਆਮ ਲੋਕਾਂ ਔਰਤਾਂ, ਸਧਾਰਨ ਪਰਿਵਾਰਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਗੁਰੇਜ਼ ਕਰੇ। ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਮਾਂ ਗੁਰਨੈਬ ਸਿੰਘ ਜੇਤੇਵਾਲ ਨੇ ਕਿਹਾ ਕਿ ਜਿੱਥੇ ਸਾਨੂੰ ਨਿਹੰਗ ਸਿੰਘ ਦੀ ਮੌਤ ਦਾ ਦੁੱਖ ਹੈ। ਉਥੇ ਹੀ ਇਸ ਨਲਹੋਟੀ ਪਿੰਡ ਦੇ ਨੌਜਵਾਨ ਦੀ ਵੱਢ-ਟੁੱਕ ਦਾ ਵੀ ਭਾਰੀ ਰੋਸ ਹੈ।
ਉਨ੍ਹਾਂ ਨੇ ਕਿਹਾ ਕਿ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੌਰਾਨ ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਇਹੋ ਜਿਹੇ ਹਾਲਾਤ ਬਣੇ ਹਨ। ਇੱਥੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬੀ ਮੋਰਚੇ ਦੇ ਕਨਵੀਨਰ ਗੌਰਵ ਰਾਣਾ ਨੇ ਕਿਹਾ ਪੰਜਾਬ ਸਰਕਾਰ ਨੂੰ ਧਾਰਮਿਕ ਸਥਾਨਾਂ ਤੇ ਦੂਜੇ ਸੂਬਿਆਂ ਦੇ ਵਿੱਚ ਬਾਰ ਬਾਰ ਬਣ ਰਹੇ ਵਿਵਾਦਤ ਮਾਹੌਲ਼ ਨਾਲ ਨਿਪਟਣ ਦੇ ਲਈ ਇੰਟਰ ਸਟੇਟ ਕਮੇਟੀਆਂ ਦਾ ਗਠਨ ਕਰਨਾ ਚਾਹੀਦਾ ਹੈ। ਤਾਂ ਕਿ ਭਵਿੱਖ ਵਿੱਚ ਇਹ ਕਮੇਟੀਆ ਸੰਗਤ ਨਾਲ ਤਾਲਮੇਲ ਰੱਖ ਕੇ ਅਜਿਹੇ ਹਾਲਾਤਾਂ ਨੂੰ ਕਾਬੂ ਕਰ ਸਕੇ।
ਇਸ ਮੌਕੇ ਉੱਥੇ ਉਪਰਲੀ ਨਲਹੋਟੀ ਦੇ ਸਰਪੰਚ ਪਰਮਿੰਦਰ ਸਿੰਘ , ਸੁਰਜੀਤ ਸਿੰਘ ਕਾਹਲੋਂ ਸਰਪੰਚ ਹੇਠਲੀ ਨਲਹੋਟੀ, ਮਾਸਟਰ ਸਰਵਣ ਸਿੰਘ, ਸਰਪੰਚ ਸੁਰਜੀਤ ਸਿੰਘ ਕਾਹਲੋ, ਦਰਸ਼ਨ ਸਿੰਘ ਖਟੜਾ, ਭਾਗ ਸਿੰਘ ਮਲੈਤ, ਦਰਸ਼ਨ ਸਿੰਘ ਕਾਹਲੋਂ, ਮੋਹਣ ਸਿੰਘ , ਨਰਿੰਜਣ ਸਿੰਘ, ਬਖਸੀਸ ਸਿੰਘ, ਜਰਨੈਲ ਸਿੰਘ ਨੰਬਰਦਾਰ, ਅਮਰਜੀਤ ਸਿੰਘ, ਭੁਪਿੰਦਰ ਸਿੰਘ, ਪਾਲਾ ਫੌਜੀ, ਸੋਹਣ ਸਿੰਘ, ਗੁਰਪ੍ਰੀਤ ਸਿੰਘ, ਬਲਵੰਤ ਸਿੰਘ ਖਟੜਾ, ਦਰਸ਼ਨ ਸਿੰਘ, ਸਮੇਤ ਭਾਰੀ ਸੰਖਿਆ ਵਿੱਚ ਸੰਗਤਾਂ ਮੌਜੂਦ ਸਨ।