ਗੁਰਦਾਸਪੁਰ: ਬਟਾਲਾ ਨਜਦੀਕੀ ਪਿੰਡ ਵਿਰਕ ਵਿੱਚ ਜ਼ਮੀਨੀ ਵਿਵਾਦ ਨੂੰ ਲੈਕੇ ਦੋ ਧਿਰਾਂ ‘ਚ ਝਗੜੇ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਝਗੜੇ ਦੌਰਾਨ ਗੋਲੀਆਂ ਵੀ ਚੱਲੀਆਂ। ਜਿਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ। ਜਿਸਦਾ ਸਿਵਲ ਹਸਪਤਾਲ ਜੇਰੇ ਇਲਾਜ ਚਲ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਪੁਲਿਸ ਦੁਆਰਾ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਜ਼ਖਮੀ ਵਿਅਕਤੀ ਪ੍ਰਿਥੀਪਾਲ ਸਿੰਘ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈਕੇ ਪਿੰਡ ਦੇ ਸਰਪੰਚ ਵਲੋਂ ਕੁਝ ਨੌਜਵਾਨਾਂ ਨਾਲ ਮਿਲ ਕੇ ਹਥਿਆਰਾਂ ਸਮੇਤ ਉਸਦੇ ਬੇਟੇ ਤੇ ਹਮਲਾ ਕੀਤਾ ਗਿਆ।
ਪੀੜਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਬੇਟੇ ਨੂੰ ਬਚਾਉਣ ਵਾਸਤੇ ਅੱਗੇ ਵਧਿਆ ਤਾਂ ਉਹਨਾ ਉਸ ਤੇ ਵੀ ਹਮਲਾ ਕਰ ਦਿੱਤਾ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਉਸਨੂੰ ਗੋਲੀ ਮਾਰਕੇ ਜ਼ਖਮੀ ਕਰ ਦਿੱਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਓਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਦਾ ਕਹਿਣਾ ਕਿ ਜ਼ਖਮੀ ਹੋਏ ਇਕ ਵਿਅਕਤੀ ਨੂੰ ਇਲਾਜ ਲਈ ਲਿਆਂਦਾ ਗਿਆ ਹੈ। ਉਹਨਾਂ ਮੁਤਾਬਿਕ ਗੋਲੀ ਚੱਲੀ ਹੈ, ਜਿਸ ਨਾਲ ਉਹ ਜ਼ਖਮੀ ਹੋਏ। ਡਾਕਟਰ ਨੇ ਕਿਹਾ ਕਿ ਮਰੀਜ ਦਾ ਇਲਾਜ ਕੀਤਾ ਜਾ ਰਿਹਾ ਹੈ, ਮਰੀਜ ਦੀ ਹਾਲਤ ਖਤਰੇ ਤੋਂ ਬਾਹਰ ਹੈ। ਓਥੇ ਹੀ ਹਸਪਤਾਲ ਬਿਆਨ ਦਰਜ ਕਰਨ ਪਹੁੰਚੇ ਐਸ ਐਚ ਓ ਅਮਰੀਕ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਤਫਤੀਸ਼ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।